ਨਿਊਜ਼ ਡੈਸਕ : ਦਾਲਚੀਨੀ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਦਾਲਚੀਨੀ ਦਾ ਨਿਯਮਿਤ ਰੂਪ ‘ਚ ਸੇਵਨ ਸਾਡੀ ਸਿਹਤ ਲਈ ਕਈ ਪੱਖਾਂ ਤੋਂ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਵਧੇਰੇ ਸੇਵਨ ਨਾਲ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਾਂ। ਦਾਲਚੀਨੀ ਰਸੋਈ ‘ਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਣ ‘ਚ ਕਾਫੀ ਮਦਦਗਾਰ ਹੁੰਦੀ ਹੈ। ਦਾਲਚੀਨੀ ਇੱਕ ਵਿਸ਼ੇਸ਼ ਕਿਸਮ ਦੀ ਲੱਕੜ ਹੈ। ਇਹ ਸਿਨੇਮਾਮਮ ਨਾਮ ਦੇ ਪੌਦੇ ਦੇ ਤਣਿਆਂ ਦੀ ਅੰਦਰੂਨੀ ਪਰਤ ਹੁੰਦੀ ਹੈ।
ਦਾਲਚੀਨੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਜਿਹੜੀ ਦਾਲਚੀਨੀ ਨੂੰ ਘਰ ਦੀ ਰਸੋਈ ‘ਚ ਮਸਾਲੇ ਦੇ ਰੂਪ ‘ਚ ਵਰਤਿਆ ਜਾਂਦਾ ਹੈ ਉਸ ਨੂੰ ਰੈਗੂਲਰ ਸਿਨਮਮ ਜਾਂ ਕੈਸੀਅ ਕਿਹਾ ਜਾਂਦਾ ਹੈ। ਦੂਸਰੀ ਦਾਲਚੀਨੀ ਨੂੰ ਸੀਲੋਨ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਧੇਰੇ ਉਪਯੋਗ ਖਾਸ ਚੀਜ਼ਾਂ ਅਤੇ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ।
ਦਾਲਚੀਨੀ ਦੇ ਉਪਯੋਗ ਅਤੇ ਪ੍ਰਭਾਵ
ਕੈਸੀਆ ਨਾਮੀ ਦਾਲਚੀਨੀ ਜਿਸ ਦੀ ਵਰਤੋਂ ਰਸੋਈ ‘ਚ ਕੀਤੀ ਜਾਂਦੀ। ਇਸ ਦਾ ਸੇਵਨ ਬਹੁਤ ਘੱਟ ਅਤੇ ਸੀਮਿਤ ਮਾਤਰਾ ‘ਚ ਕੀਤਾ ਜਾਂਦਾ ਹੈ। ਜੇਕਰ ਇਸ ਦਾ ਸਹੀ ਉਪਯੋਗ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ। ਪਰ ਵਧੇਰੇ ਮਾਤਰਾ ‘ਚ ਇਸ ਦਾ ਉਪਯੋਗ ਕਰਨ ਨਾਲ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਇਸ ਵਿਚ ਕੂਮਰਿਨ ਨਾਮਕ ਤੱਤ ਪਾਇਆ ਜਾਂਦਾ ਹੈ। ਸਰੀਰ ਵਿਚ ਕੂਮਰਿਨ ਦੀ ਵਧੇਰੇ ਮਾਤਰਾ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਆਓ ਜਾਣਦੇ ਹਾਂ ਦਾਲਚੀਨੀ ਦਾ ਵਧੇਰੇ ਸੇਵਨ ਸਰੀਰ ਲਈ ਕਿਸ ਤਰ੍ਹਾਂ ਖਤਰਨਾਕ ਹੁੰਦਾ ਹੈ…
ਜਿਗਰ ਡੈਮੇਜ਼ ਅਤੇ ਕੈਂਸਰ ਦਾ ਜੋਖਮ
ਬਹੁਤ ਸਾਰੇ ਅਧਿਐਨਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ ਵਿੱਚ ਕੂਮਰੀਨ ਦਾ ਸੇਵਨ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੰਮੇ ਸਮੇਂ ਅਤੇ ਵਧੇਰੇ ਮਾਤਰਾ ‘ਚ ਦਾਲਚੀਨੀ ਦਾ ਉਪਯੋਗ ਕਰਨ ਨਾਲ ਜਿਗਰ ਦੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਕੂਮਰਿਨ ਦਾ ਵਧੇਰੇ ਸੇਵਨ ਕੈਂਸਰ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਇਹ ਮੁੱਖ ਤੌਰ ਤੇ ਜਿਗਰ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਗੁਰਦੇ ਦੀ ਬਿਮਾਰੀ ਪੈਦਾ ਕਰਦਾ ਹੈ।
ਬਲੱਡ ਪ੍ਰੈਸ਼ਰ ਘੱਟਣ ਦਾ ਡਰ
ਦਾਲਚੀਨੀ ਇਕ ਅਜਿਹੀ ਕੁਦਰਤੀ ਦਵਾਈ ਹੈ, ਜਿਸ ਦਾ ਜੇਕਰ ਸਹੀ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੀ ਹੈ। ਪਰ ਜੇਕਰ ਦਾਲਚੀਨੀ ਦਾ ਇਸਤੇਮਾਲ ਸੀਮਤ ਮਾਤਰਾ ਤੋਂ ਜ਼ਿਆਦਾ ਕੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਵੀ ਬਹੁਤ ਤੇਜ਼ੀ ਨਾਲ ਘਟ ਸਕਦਾ ਹੈ, ਜੋ ਨੁਕਸਾਨਦਾਇਕ ਹੋ ਸਕਦਾ ਹੈ। ਦਾਲਚੀਨੀ ਦਾ ਵਧੇਰੇ ਸੇਵਨ ਥਕਾਵਟ, ਸੁਸਤੀ ਅਤੇ ਚੱਕਰ ਆਉਣ ਦਾ ਕਾਰਨ ਵੀ ਬਣ ਸਕਦਾ ਹੈ।
ਮੂੰਹ ਵਿੱਚ ਛਾਲੇ ਅਤੇ ਜ਼ਖਮ
ਦਾਲਚੀਨੀ ਵਿਚ ਸਿਨਾਮਮਡਿਹਾਇਡ ਨਾਮਕ ਮਿਸ਼ਰਣ ਹੁੰਦਾ ਹੈ। ਸਰੀਰ ‘ਚ ਇਸ ਮਿਸ਼ਰਣ ਦੀ ਵਧੇਰੇ ਮਾਤਰਾ ਐਲਰਜੀ ਅਤੇ ਇੰਨਫੈਕਸ਼ਨ ਪੈਦਾ ਕਰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ ਮੂੰਹ ਵਿੱਚ ਮੌਜੂਦ ਸਲਾਈਵਾ ਦੇ ਕਾਰਨ ਇਹ ਮਿਸ਼ਰਣ ਲੰਮੇ ਸਮੇਂ ਤੱਕ ਸਾਡੀ ਜੀਭ ਅਤੇ ਮੂੰਹ ਦੀ ਅੰਦਰੂਨੀ ਚਮੜੀ ਦੇ ਸੰਪਰਕ ਵਿੱਚ ਰਹਿੰਦਾ ਹੈ। ਇਸ ਲਈ ਵਧੇਰੇ ਮਾਤਰਾ ਦਾਲਚੀਨੀ ਦਾ ਸੇਵਨ ਨਾਲ ਮੂੰਹ ‘ਚ ਛਾਲੇ ਅਤੇ ਜਖਮ ਹੋ ਸਕਦੇ ਹਨ। ਇਸ ਤੋਂ ਇਲਾਵਾ ਗਲੇ ‘ਚ ਜਲਣ ਅਤੇ ਮੂੰਹ ਦੇ ਅੰਦਰ ਚਿੱਟੇ ਰੰਗ ਦੇ ਪੈਚ ਵੀ ਬਣ ਸਕਦੇ ਹਨ।
ਸਾਹ ਲੈਣਾ ਮੁਸ਼ਕਲ
ਬੇਸ਼ੱਕ ਦਾਲਚੀਨੀ ਦੀ ਚਾਹ ਅਤੇ ਕਾੜਾ ਸਾਡੀ ਸਾਹ ਪ੍ਰਣਾਲੀ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦੀ ਹੈ। ਪਰ ਜ਼ਿਆਦਾ ਮਾਤਰਾ ਵਿੱਚ ਦਾਲਚੀਨੀ ਦਾ ਸੇਵਨ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ। ਜਿਸ ਦੌਰਾਨ ਖੰਘ, ਗਲੇ ਵਿਚ ਖੂਨ ਅਤੇ ਜਲਨ ਅਤੇ ਸਾਹ ਲੈਣ ਵਿਚ ਮੁਸ਼ਕਲ ਵੀ ਪੇਸ਼ ਆ ਸਕਦੀ ਹੈ। ਇਸ ਲਈ ਦਮਾ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਲੋਕ ਦਾਲਚੀਨੀ ਦਾ ਉਪਯੋਗ ਕਰਦੇ ਸਮੇਂ ਸਾਵਧਾਨੀ ਵਰਤਣ।
ਮਾਹਿਰਾਂ ਦੇ ਅਨੁਸਾਰ 60 ਕਿਲੋਗ੍ਰਾਮ ਭਾਰ ਵਾਲੇ ਵਿਅਕਤੀ ਨੂੰ ਇੱਕ ਦਿਨ ‘ਚ 5 ਮਿਲੀਗ੍ਰਾਮ ਦਾਲਚੀਨੀ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਅਧਿਕ ਮਾਤਰਾ ‘ਚ ਦਾਲਚੀਨੀ ਦਾ ਸੇਵਨ ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.