ਕੈਗ ਦੀ ਰਿਪੋਰਟ ਨੇ ਕੀਤਾ ਸਾਬਤ, ਕੈਪਟਨ ਸੂਬਾ ਚਲਾਉਣ ਵਿੱਚ ਨਾਕਾਮ : ਹਰਪਾਲ ਸਿੰਘ ਚੀਮਾ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ’ਚ ਜਾਰੀ ਕੀਤੀ ਗਈ ਕੈਗ ਰਿਪੋਰਟ ਉੱਤੇ ਕੈਪਟਨ ਸਰਕਾਰ ਨੂੰ ਨਿਸਾਨਾ ਬਣਾਇਆ ਹੈ। ਸ਼ਨੀਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ‘ਆਪ’ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਗ ਦੀ ਤਾਜੀ ਰਿਪੋਰਟ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਚਲਾਉਣ ਵਿੱਚ ਨਾਕਾਮ ਸਿੱਧ ਹੋਏ ਹਨ।

ਉਨ੍ਹਾਂ ਕਿਹਾ ਕਿ ਕੈਗ ਦੀ ਰਿਪੋਰਟ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਕਾਲ ਵਿੱਚ ਸੂਬੇ ਦੀ ਸਿੱਖਿਆ ਵਿੱਚ 2 ਫੀਸਦੀ ਅਤੇ ਸਿਹਤ ਉੱਤੇ ਖਰਚ ਵਿੱਚ 0.63 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕੈਪਟਨ ਸਰਕਾਰ ਨੂੰ ਲੋਕਾਂ ਦੀ ਸਿੱਖਿਆ ਅਤੇ ਸਿਹਤ ਦੀ ਕਿੰਨੀ ਚਿੰਤਾ ਹੈ। ਰਿਪੋਰਟ ਅਨੁਸਾਰ ਕੈਪਟਨ ਸਰਕਾਰ ਨੇ ਭਾਰਤ ਦੇ ਹੋਰ ਸੂਬਿਆਂ ਦੀ ਤੁਲਨਾ ਵਿੱਚ ਸਿੱਖਿਆ ਅਤੇ ਸਿਹਤ ਉੱਤੇ ਕਾਫੀ ਘੱਟ ਪੈਸਾ ਖਰਚ ਕੀਤਾ ਹੈ। ਐਨਾ ਹੀ ਨਹੀਂ ਸਰਕਾਰ ਨੇ ਵਿਕਾਸ ਕੰਮਾਂ ਉੱਤੇ ਵੀ ਬਹੁਤ ਘੱਟ ਖਰਚ ਕੀਤਾ ਹੈ। ਰਿਪੋਰਟ ਦੇਖਕੇ ਸਾਫ ਪਤਾ ਲੱਗਦਾ ਹੈ ਕਿ ਕੈਪਟਨ ਪੰਜਾਬ ਨੂੰ ਹਨ੍ਹੇਰੇ ਵੱਲ ਲੈ ਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਵੱਡੇ ਵੱਡੇ ਵਾਅਦੇ ਕੀਤੇ ਸਨ, ਪ੍ਰੰਤੂ ਚਾਰ ਸਾਲ ਹੋ ਗਏ ਹਨ, ਉਨ੍ਹਾਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹ ਨਹੀਂ ਚਾਹੁੰਦੇ ਕਿ ਸੂਬੇ ਦੇ ਲੋਕ ਤੰਦਰੁਸਤ ਰਹਿਣ ਅਤੇ ਸਿੱਖਿਆ ਪ੍ਰਾਪਤ ਕਰਨ। ਉਨ੍ਹਾਂ ਸੂਬੇ ਨੂੰ ਮਾਫੀਆ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਅਤੇ ਖੁਦ ਮਾਫੀਆ ਸਾਮਰਾਜ ਨੂੰ ਚਲਾ ਰਹੇ ਹਨ।
ਉਨ੍ਹਾਂ ਦਿੱਲੀ ਸਰਕਾਰ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਕੇ ਇਕ ਵਿਕਾਸ ਦੀ ਇਕ ਨਵੀਂ ਮਿਸ਼ਾਲ ਪੇਸ਼ ਕੀਤੀ ਹੈ। ਉਨ੍ਹਾਂ ਬੁਨਿਆਦੀ ਚੀਜ਼ਾਂ ਉੱਤੇ ਸਰਕਾਰੀ ਖਰਚ ਕਈ ਗੁਣਾ ਵਧਾ ਦਿੱਤਾ ਹੈ, ਜਿਸਦਾ ਲਾਭ ਅੱਜ ਦੇਸ਼ ਦੇਖ ਰਿਹਾ ਹੈ। ਅੱਜ ਦਿੱਲੀ ਵਿੱਚ ਸਭ ਤੋਂ ਘੱਟ ਮਲੇਰੀਆ ਅਤੇ ਡੇਂਗੂ ਦੇ ਮਾਮਲੇ ਦਰਜ ਹੁੰਦੇ ਹਨ। ਕੋਰੋਨਾ ਮਹਾਮਾਰੀ ਦਾ ਵੀ ਦਿੱਲੀ ਦੀ ਸਰਕਾਰ ਨੇ ਆਪਣੇ ਬੇਹਤਰ ਸਿਹਤ ਪ੍ਰਬੰਧਾਂ ਕਾਰਨ ਚੰਗੇ ਤੀਰਕੇ ਨਾਲ ਮੁਕਾਬਲਾ ਕੀਤਾ ਅਤੇ ਸਮੇਂ ਉਤੇ ਇਲਾਜ ਕਰਕੇ ਲੱਖਾਂ ਲੋਕਾਂ ਦੀ ਜਾਨ ਬਚਾਈ। ਕੈਪਟਨ ਨੂੰ ਸਿਹਤ ਅਤੇ ਸਿੱਖਿਆ ਉੱਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਪੰਜਾਬ ਦੀ ਸਿਹਤ ਅਤੇ ਸਿੱਖਿਆ ਪ੍ਰਬੰਧ ਨੂੰ ਪਹਿਲ ਦੇ ਕੇ ਸੁਧਾਰ ਕੀਤਾ ਜਾਵੇਗਾ।

Share This Article
Leave a Comment