ਅੰਮ੍ਰਿਤਸਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਆਪਣੇ ਹਲਕੇ ਅਜਨਾਲਾ ਦੀਆਂ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੀਆਂ ਢੇਰੀਆਂ ਵਿੱਚ ਨਮੀ ਦਾ ਨਿਰੀਖਣ ਵੀ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਖਰੀਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਜਾਂ ਆੜਤੀਆਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਕਿਸਾਨਾਂ ਦੁਆਰਾ ਅਨਾਜ ਮੰਡੀਆਂ ਵਿੱਚ ਲਿਆਂਦੀ ਸੁੱਕੀ ਫਸਲ ਦੀ ਸਰਕਾਰੀ ਬੋਲੀ 24 ਘੰਟਿਆਂ ਅੰਦਰ ਕਰਵਾਉਣ, ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਜਿਨਸ ਦੀ ਅਦਾਇਗੀ 48 ਘੰਟਿਆਂ ਅੰਦਰ ਕਰਨ ਅਤੇ ਖਰੀਦੀ ਫ਼ਸਲ ਦੀ ਲਿਫਟਿੰਗ 72 ਘੰਟਿਆਂ ਅੰਦਰ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਉੱਤੇ ਅਮਲ ਹੋਵੇਗਾ। ਉਹਨਾਂ ਕਿਸਾਨਾਂ ਨੂੰ ਇਸ ਵਾਰ ਦੀ ਬੰਪਰ ਫਸਲ ਲਈ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੱਕ ਮੰਡੀਆਂ ਵਿੱਚ ਆਈ ਕਣਕ ਨੇ ਬਹੁਤ ਵਧੀਆ ਸੀਜਨ ਦੀ ਭਵਿੱਖਬਾਣੀ ਕੀਤੀ ਹੈ। ਧਾਲੀਵਾਲ ਨੇ ਅੱਜ ਅਜਨਾਲਾ, ਚਮਿਆਰੀ, ਅਵਾਣ ਅਤੇ ਸੁਧਾਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ।
ਕੈਬਨਿਟ ਮੰਤਰੀ ਨੇ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਦਿੱਤੀਆਂ ਗਈਆਂ ਸੁਵਿਧਾਵਾਂ ਤੇ ਸਫਾਈ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ਉੱਤੇ ਜਾਇਜਾ ਲਿਆ। ਵਰਨਣ ਯੋਗ ਹੈ ਕਿ ਅਜਨਾਲਾ ਦੀ ਅਨਾਜ ਮੰਡੀ ਜੋ ਕਿ ਸ਼ਹਿਰ ਦੇ ਬਿਲਕੁਲ ਨਾਲ ਹੈ , ਨੂੰ ਕੈਬਨਿਟ ਮੰਤਰੀ ਸ ਧਾਲੀਵਾਲ ਵੱਲੋਂ ਆਪਣੀਆਂ ਕੋਸ਼ਿਸ਼ਾਂ ਨਾਲ ਬਹੁਤ ਵਧੀਆ ਵਿਕਸਿਤ ਕੀਤਾ ਗਿਆ ਹੈ। ਇਸ ਅਨਾਜ ਮੰਡੀ ਵਿੱਚ ਸਾਲ ਦੇ ਲਗਭਗ ਚਾਰ ਮਹੀਨੇ ਫਸਲ ਦੀ ਖਰੀਦ ਵੇਚ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਬਾਕੀ ਦੇ ਕਰੀਬ ਅੱਠ ਮਹੀਨੇ ਸਥਾਨਕ ਵਾਸੀ ਮੰਡੀ ਵਿੱਚ ਸੈਰ ਕਰਨ, ਬੱਚੇ ਖੇਡਣ ਅਤੇ ਧੁੱਪੇ ਬੈਠਣ ਦਾ ਆਨੰਦ ਸਰਦੀਆਂ ਵਿੱਚ ਲੈਂਦੇ ਹਨ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਓ.ਐਸ.ਡੀ ਗਰਜੰਟ ਸਿੰਘ ਸੋਹੀ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਮਾਰਕਿਟ ਕਮੇਟੀ ਦੇ ਸਕੱਤਰ ਸ਼੍ਰੀਮਤੀ ਨਵਦੀਪ ਕੌਰ, ਆੜਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਸਤਬੀਰ ਸਿੰਘ ਸੰਧੂ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋ, ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਮੰਡੀ ਸੁਪਰਵਾਈਜ਼ਰ ਕਾਬਲ ਸਿੰਘ ਸੰਧੂ, ਲੇਖਾਕਾਰ ਸੰਦੀਪ ਸਿੰਘ ਰਿਆੜ, ਬਲਾਕ ਪ੍ਰਧਾਨ ਹਰਮਨਜੀਤ ਸਿੰਘ ਨੰਗਲ, ਸਰਪੰਚ ਇਕਬਾਲ ਸਿੰਘ ਰਿਆੜ, ਆੜਤੀ ਸੁਖਬੀਰ ਸਿੰਘ ਰਿਆੜ, ਕਰਮਜੀਤ ਸਿੰਘ ਗੋਲਡੀ ਰਿਆੜ, ਆੜ੍ਹਤੀ ਹਰਪਾਲ ਸਿੰਘ ਮੰਨਣ, ਆੜਤੀ ਹਰਜੀਤ ਸਿੰਘ ਅਲੀਵਾਲ ਅਤੇ ਹੋਰ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।