ਚੰਨੀ ਦੀ ਕੈਬਨਿਟ ਬਣੀ ਬੁਝਾਰਤ, ਮੰਤਰੀ ਮੰਡਲ ਤੋਂ ਬਾਹਰ ਹੋਣਗੇ ਕਈ ਸੀਨੀਅਰ ਆਗੂ !

TeamGlobalPunjab
3 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਪੰਜਾਬ ਮੰਤਰੀ ਮੰਡਲ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਇਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਗੀ ਸੁਰਾਂ ਤੋਂ ਬਾਅਦ ਚਰਚਾ ਇਹ ਹੋ ਰਹੀ ਹੈ ਕਿ ਕੀ ਕੈਬਨਿਟ ਦਾ ਇਹ ਵਿਸਥਾਰ ਕੈਪਟਨ ਅਮਰਿੰਦਰ ਸਿੰਘ ਧੜੇ ਨੂੰ ਹੋਰ ਮਜ਼ਬੂਤ ਤਾਂ ਨਹੀਂ ਕਰ ਜਾਵੇਗਾ? ਚਰਚਾਵਾਂ ਹਨ ਕਿ ਕੈਪਟਨ ਵਜ਼ਾਰਤ ਦੇ ਘੱਟੋ ਘੱਟ ਪੰਜ ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ। ਛੁੱਟੀ ਕੀਤੇ ਜਾਣ ਸੰਬੰਧੀ ਜਿਹੜੇ ਨਾਂਅ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਬ੍ਰਹਮ ਮਹਿੰਦਰਾ ਸ਼ਾਮਲ ਹਨ।

ਇਸ ਮਾਮਲੇ ਵਿੱਚ ਹਾਲਾਂਕਿ ਬ੍ਰਹਮ ਮਹਿੰਦਰਾ ਦਾ ਨਾਂਅ ਵੀ ਚਰਚਾ ਵਿੱਚ ਹੈ ਪਰ ਸਵਾਲ ਇਹ ਹੈ ਕਿ ਜਿਸ ਮੰਤਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਣਾ ਪਹਿਲਾਂ ਤੈਅ ਹੋ ਗਿਆ ਸੀ ਤੇ ਆਖ਼ਰੀ ਸਮੇਂ ‘ਡਰਾਪ’ ਕਰਕੇ ਉਨ੍ਹਾਂ ਦੀ ਥਾਂਵੇਂ ਓ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ, ਕੀ ਹੁਣ ਉਸ ਮੰਤਰੀ ਨੂੰ ਮੰਡਲ ਵਿੱਚੋਂ ਵੀ ਬਾਹਰ ਕਰ ਦਿੱਤਾ ਜਾਵੇਗਾ। ਉਹਨਾਂ ਦੇ ਨਾਂਅ ਦੀ ਚਰਚਾ ਦਾ ਸਬੱਬ ਇਹੀ ਸਮਝਿਆ ਜਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਅਤੇ ਉਨ੍ਹਾਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਖੁਲ੍ਹ ਕੇ ਆਉਣ ਵਾਲੇ ਮੰਤਰੀਆਂ ਵਿੱਚੋਂ ਮੋਹਰੀ ਰਹੇ ਹਨ।

ਪੰਜਾਬ ਦੇ ਅੰਦਰ ਨਵਾਂ ਸੱਤਾ ਵਿੱਚ ਆਇਆ ਕਾਂਗਰਸ ਦਾ ਕੈਪਟਨ ਵਿਰੋਧੀ ਧੜਾ ਭਾਵੇਂ ਕੱਢੇ ਜਾਣ ਦੀ ਸੰਭਾਵਨਾ ਵਾਲੇ ਮੰਤਰੀਆਂ ਅਤੇ ਨਵੀਂ ਕੈਬਨਿਟ ਬਣਨ ਮਗਰੋਂ ਹੋਰ ਨਾਰਾਜ਼ ਹੋਣ ਵਾਲੇ ਆਗੂਆਂ ਨੂੰ ਹਲਕੇ ਵਿੱਚ ਲੈਣ ਦੀ ਰੌਂਅ ਵਿੱਚ ਜਾਪਦਾ ਹੋਵੇ ਪਰ ਦਰਅਸਲ ਜਿਸ ਤਰ੍ਹਾਂ ਦਾ ਤਿੱਖਾ ਹਮਲਾ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ’ਤੇ ਬੋਲਿਆ ਹੈ, ਉਸਨੂੰ ਵੇਖ਼ਦਿਆਂ ਕਾਂਗਰਸ ਹਾਈਕਮਾਨ ਨੂੰ ਕੈਬਨਿਟ ਵਿਸਥਾਰ ਕਰਨ ਸੰਬੰਧੀ ਫ਼ੈਸਲੇ ਲੈਣ ਸਮੇਂ ਬੋਚ ਬੋਚ ਕੇ ਪੱਬ ਧਰਨੇ ਪੈਣਗੇ।

ਇਕ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਨੂੰ ਨੁਕਸਾਨ ਪੁਚਾਉਣ ਦੀ ਸਥਿਤੀ ਵਿੱਚ ਹਨ? ਕਾਂਗਰਸ ਹਾਈਕਮਾਨ ਇਸ ਵੇਲੇ ਇਸ ਗੱਲ ਨੂੰ ਵੀ ਤੱਕੜੀ ਵਿੱਚ ਪਾ ਕੇ ਤੋਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਅੰਦਰ ਰਹਿੰਦਿਆਂ ਪਾਰਟੀ ਨੂੰ ਕਿੰਨਾ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਵਿੱਚ ਹਨ ਅਤੇ ਜੇ ਉਹ ਪਾਰਟੀ ਛੱਡ ਜਾਂਦੇ ਹਨ ਜਾਂ ਫ਼ਿਰ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤੇ ਜਾਣ ਦੀ ਨੌਬਤ ਆਉਂਦੀ ਹੈ ਤਾਂ ਉਨ੍ਹਾਂ ਦੀ ਸਮਰੱਥਾ ਕੀ ਹੋ ਸਕਦੀ ਹੈ?

Share This Article
Leave a Comment