ਅਮਰੀਕਾ : ਬਾਈਜੂ ਦੇ ਸੰਸਥਾਪਕ ਬਾਈਜੂ ਰਵਿੰਦਰਨ ਨੂੰ ਇੱਕ ਅਮਰੀਕੀ ਅਦਾਲਤ ਨੇ $1 ਬਿਲੀਅਨ (₹9,000 ਕਰੋੜ) ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ। ਡੇਲਾਵੇਅਰ ਸਿਟੀ ਦੀ ਦੀਵਾਲੀਆਪਨ ਅਦਾਲਤ ਨੇ ਇਹ ਫੈਸਲਾ ਬਾਈਜੂ ਦੇ ਅਲਫ਼ਾ ਅਤੇ ਅਮਰੀਕਾ ਸਥਿਤ ਕਰਜ਼ਾਦਾਤਾ, ਗਲਾਸ ਟਰੱਸਟ ਐਲਐਲਸੀ ਦੁਆਰਾ ਦਾਇਰ ਪਟੀਸ਼ਨ ਤੋਂ ਬਾਅਦ ਜਾਰੀ ਕੀਤਾ। ਇਹ ਕਾਰਵਾਈ ਉਸ ਮਾਮਲੇ ਨਾਲ ਸਬੰਧਤ ਹੈ ਜਿਸ ਵਿੱਚ ਉਸ ‘ਤੇ ਬਾਈਜੂ ਦੇ ਅਲਫ਼ਾ ਨੂੰ ਦਿੱਤੇ ਗਏ 1.2 ਬਿਲੀਅਨ ਡਾਲਰ ਦੇ ਕਰਜ਼ੇ ਵਿੱਚੋਂ 533 ਮਿਲੀਅਨ ਡਾਲਰ ਦੀ ਦੁਰਵਰਤੋਂ ਕਰਨ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ।
ਬਾਈਜੂ’ਜ਼ ਅਲਫ਼ਾ ਇੱਕ ਅਮਰੀਕੀ ਕੰਪਨੀ ਹੈ, ਜੋ ਕਿ ਭਾਰਤੀ ਐਡਟੈਕ ਦਿੱਗਜ ਬਾਈਜੂ’ਜ਼ ਦੀ ਸਹਾਇਕ ਕੰਪਨੀ ਹੈ। ਇਸਦੀ ਸਥਾਪਨਾ 2021 ਵਿੱਚ ਡੇਲਾਵੇਅਰ (ਅਮਰੀਕਾ) ਵਿੱਚ ਬਾਈਜੂ’ਜ਼ ਲਈ ਫੰਡ ਇਕੱਠਾ ਕਰਨ ਦੇ ਮੁੱਖ ਉਦੇਸ਼ ਨਾਲ ਕੀਤੀ ਗਈ ਸੀ। ਰਵਿੰਦਰਨ ਨੇ 2011 ਵਿੱਚ ਬਾਈਜੂ’ਜ਼ ਨੂੰ ਇੱਕ ਛੋਟੇ ਸਿੱਖਿਆ ਪਲੇਟਫਾਰਮ ਵਜੋਂ ਸ਼ੁਰੂ ਕੀਤਾ ਸੀ। 2015 ਵਿੱਚ ਐਪ ਦੇ ਲਾਂਚ ਨਾਲ ਇਹ ਕਾਰੋਬਾਰ ਤੇਜ਼ੀ ਨਾਲ ਵਧਿਆ।
ਜਾਣਕਾਰੀ ਅਨੁਸਾਰ ਬਾਈਜੂ ਰਵੀੰਦਰਨ ਦੀ ਕੰਪਨੀ, ਬਾਈਜੂ’ਜ਼ ਨੇ 2021 ਵਿੱਚ ਅਮਰੀਕੀ ਬੈਂਕਾਂ ਅਤੇ ਕਰਜ਼ਦਾਤਾਵਾਂ ਦੇ ਇੱਕ ਸਮੂਹ ਤੋਂ ਲਗਭਗ $1.2 ਬਿਲੀਅਨ (11,000 ਕਰੋੜ ਰੁਪਏ) ਦਾ ਕਰਜ਼ਾ ਲਿਆ ਸੀ। ਇਹ ਪੈਸਾ ਬਾਈਜੂ ਦੇ ਸੰਚਾਲਨ ਲਈ ਵਰਤਿਆ ਜਾਣਾ ਸੀ। ਅਪ੍ਰੈਲ 2024 ਵਿੱਚ, ਕਰਜ਼ੇ ਦੀ ਅਦਾਇਗੀ ਵਿੱਚ ਨਾਕਾਮ ਹੋਣ ਤੇ ਬਾਈਜੂ ਦੇ ਅਲਫ਼ਾ ਨੇ ਖੁਦ ਬਾਈਜੂ ਦੇ ਸੰਸਥਾਪਕ ਬਾਈਜੂ ਰਵੀੰਦਰਨ, ਉਸਦੀ ਪਤਨੀ ਦਿਵਿਆ ਗੋਕੁਲਨਾਥ, ਭਰਾ ਰਿਜੂ ਰਵੀੰਦਰਨ ਅਤੇ ਹੋਰਾਂ ਵਿਰੁੱਧ 533 ਮਿਲੀਅਨ ਡਾਲਰ (ਲਗਭਗ 4,500 ਕਰੋੜ ਰੁਪਏ) ਦੀ ਚੋਰੀ ਅਤੇ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਕੇਸ ਦਾਇਰ ਕੀਤਾ। ਹਾਲ ਹੀ ਵਿੱਚ (ਨਵੰਬਰ 2025), ਡੇਲਾਵੇਅਰ ਦੀ ਇੱਕ ਅਦਾਲਤ ਨੇ ਰਵਿੰਦਰਨ ਦੇ ਖਿਲਾਫ ਇੱਕ ਡਿਫਾਲਟ ਫੈਸਲਾ ਸੁਣਾਇਆ, ਜਿਸ ਵਿੱਚ ਉਸਨੂੰ $1 ਬਿਲੀਅਨ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

