ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਿਸਾਨ ਵਾਤਾਵਰਣ ਪੱਖੀ ਖੇਤੀ ਦੇ ਪਹਿਰੇਦਾਰ ਬਣਨ: ਢਿੱਲੋਂ

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ) : ਪੀ.ਏ.ਯੂ., ਲੁਧਿਆਣਾ ਵੱਲੋਂ ਕਰਵਾਏ ਦੋ ਰੋਜ਼ਾ ਵਰਚੂਅਲ ਕਿਸਾਨ ਮੇਲੇ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਮਾਹਿਰਾਂ ਨੇ ਪੈਨਲ ਵਿਚਾਰ ਚਰਚਾਵਾਂ ਰਾਹੀਂ ਖੇਤੀ ਮਸਲਿਆਂ ਬਾਰੇ ਗੱਲਬਾਤ ਕੀਤੀ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਐਨੀ ਵੱਡੀ ਗਿਣਤੀ ਵਿੱਚ ਆਨਲਾਈਨ ਮੇਲੇ ਨਾਲ ਜੁੜਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾਂ ਤੋਂ ਯੂਨੀਵਰਸਿਟੀ ਦੀ ਊਰਜਾ ਰਹੇ ਹਨ। ਕੋਵਿਡ-19 ਦੇ ਸੰਕਟ ਕਾਰਨ ਮੇਲੇ ਦਾ ਜੋ ਨਵਾਂ ਢਾਂਚਾ ਅਪਣਾਇਆ ਗਿਆ ਸੀ ਉਸ ਨਾਲ ਵੀ ਜੁੜਨ ਦਾ ਉਤਸ਼ਾਹ ਦਿਖਾ ਕੇ ਕਿਸਾਨਾਂ ਨੇ ਪੀ.ਏ.ਯੂ. ਨਾਲ ਆਪਣੇ ਪੱਕੇ ਸੰਬੰਧਾਂ ਦਾ ਸਬੂਤ ਦਿੱਤਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਕੱਲ੍ਹ ਤੋਂ ਵੱਖ-ਵੱਖ ਮਸਲਿਆਂ ਬਾਰੇ 1500 ਤੋਂ ਵਧੇਰੇ ਕਿਸਾਨਾਂ ਦੇ ਸਵਾਲ ਯੂਨੀਵਰਸਿਟੀ ਮਾਹਿਰਾਂ ਕੋਲ ਪੁੱਜੇ ਹਨ ਜਿਨ੍ਹਾਂ ਦੇ ਜਵਾਬ ਮਾਹਿਰਾਂ ਨੇ ਬਾਖੂਬੀ ਦਿੱਤੇ ਹਨ। ਇਨ੍ਹਾਂ ਸਵਾਲਾਂ ਜਵਾਬਾਂ ਨੂੰ ਪ੍ਰਕਾਸ਼ਿਤ ਕਰ ਲਿਆ ਜਾਵੇਗਾ ਤਾਂ ਕਿ ਹੋਰ ਕਿਸਾਨ ਵੀ ਇਨ੍ਹਾਂ ਦਾ ਫਾਇਦਾ ਉਠਾ ਸਕਣ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਪਰ ਨਾਲ ਹੀ ਪਰਾਲੀ ਦੀ ਸੰਭਾਲ ਲਈ ਢੁਕਵੇਂ ਤਰੀਕੇ ਅਪਨਾ ਕੇ ਅੱਗ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਿਸਾਨ ਵਾਤਾਵਰਣ ਪੱਖੀ ਖੇਤੀ ਦੇ ਪਹਿਰੇਦਾਰ ਬਣਨ। ਇਸ ਦੇ ਨਾਲ ਹੀ ਡਾ. ਢਿੱਲੋਂ ਨੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਿਸਮਾਂ ਦੀ ਚੋਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਲਾਕਿਆਂ ਅਨੁਸਾਰ ਕਣਕ ਦੀਆਂ ਢੁਕਵੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਅਤੇ ਕੋਸ਼ਿਸ਼ ਇਹ ਵੀ ਰਹੇ ਕਿ ਸਾਰੇ ਰਕਬੇ ਵਿੱਚ ਇੱਕੋ ਕਿਸਮ ਦੀ ਬਿਜਾਈ ਨਾ ਕੀਤੀ ਜਾਵੇ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਖੇਤੀ ਸਾਹਿਤ ਨਾਲ ਜੁੜਨ ਦੀ ਵੀ ਅਪੀਲ ਕੀਤੀ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਮੇਲੇ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਸ ਮੇਲੇ ਵਿੱਚ ਉਤਸ਼ਾਹ ਦੇਖ ਕੇ ਕੋਵਿਡ ਦੇ ਦੌਰ ਗੁਜ਼ਰਨ ਤੋਂ ਬਾਅਦ ਰਵਾਇਤੀ ਢੰਗ ਦੇ ਮੇਲਿਆਂ ਦੇ ਨਾਲ-ਨਾਲ ਆਨਲਾਈਨ ਮੇਲਾ ਲਾਉਣ ਦਾ ਇਹ ਤਰੀਕਾ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ। ਡਾ. ਮਾਹਲ ਨੇ ਕਿਹਾ ਕਿ ਪੀ.ਏ.ਯੂ. ਹਰ ਹੀਲੇ ਵਿਕਸਿਤ ਕਿਸਮਾਂ ਦੀ ਜਾਣਕਾਰੀ ਅਤੇ ਖੇਤੀ ਸੰਬੰਧੀ ਸਿਫ਼ਾਰਸ਼ਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅੱਜ ਦੀਆਂ ਪੈਨਲ ਵਿਚਾਰ ਚਰਚਾਵਾਂ ਤੋਂ ਲਾਭ ਲੈ ਕੇ ਕਿਸਾਨ ਆਪਣੀ ਖੇਤੀ ਨੂੰ ਵਿਕਸਿਤ ਦਿਸ਼ਾ ਵਿੱਚ ਤੋਰਨ ਵਿੱਚ ਸਫ਼ਲ ਹੋਣਗੇ।

ਪੈਨਲ ਵਿਚਾਰ ਚਰਚਾ ਸ਼ੈਸਨਾਂ ਵਿੱਚ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਭਰਵੀਂ ਵਿਚਾਰ ਚਰਚਾ ਦਾ ਸੈਸ਼ਨ ਹੋਇਆ। ਇਸ ਵਿਚਾਰ ਚਰਚਾ ਵਿੱਚ ਡਾ. ਐੱਸ.ਐੱਸ. ਕੁੱਕਲ, ਡਾ. ਰਕੇਸ਼ ਸ਼ਾਰਦਾ, ਡਾ. ਓ.ਪੀ. ਚੌਧਰੀ, ਡਾ. ਵਸ਼ਿਸ਼ਟ ਸ਼ਾਮਲ ਹੋਏ। ਇਸ ਸੈਸ਼ਨ ਵਿੱਚ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਗਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਵੱਖ-ਵੱਖ ਫ਼ਸਲਾਂ ਵਿੱਚ ਵਰਤੋਂ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ ਗਏ। ਮਾਹਿਰਾਂ ਨੇ ਭਰੋਸਾ ਪ੍ਰਗਟਾਇਆ ਕਿ ਜ਼ਮੀਨਦੋਜ਼ ਸਿੰਚਾਈ ਪ੍ਰਣਾਲੀ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਵਿੱਚ ਆਮ ਹੋਵੇਗੀ ਜਿਸ ਨਾਲ ਪਾਣੀ ਦੀ ਬੱਚਤ ਦੀ ਦਿਸ਼ਾ ਵਿੱਚ ਕ੍ਰਾਂਤੀਕਾਰੀ ਕਦਮ ਪੁੱਟੇ ਜਾਣਗੇ। ਦੂਸਰੇ ਸੈਸ਼ਨ ਵਿੱਚ ਪਸ਼ੂ ਧਨ ਉਤਪਾਦਨ ਅਤੇ ਸਹਿਯੋਗੀ ਕਿੱਤਿਆਂ ਬਾਰੇ ਮਾਹਿਰਾਂ ਨੇ ਵਿਚਾਰ ਚਰਚਾ ਕੀਤੀ । ਇਸ ਸੈਸ਼ਨ ਵਿੱਚ ਇਸ ਗੱਲ ਉਪਰ ਜ਼ੋਰ ਦਿੱਤਾ ਗਿਆ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵਿਸ਼ੇਸ਼ ਤੌਰ ‘ਤੇ ਪਸ਼ੂ ਧਨ ਨਾਲ ਸੰਬੰਧਿਤ ਕਿੱਤਿਆਂ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਣਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣ । ਇੱਕ ਹੋਰ ਵਿਚਾਰ ਚਰਚਾ ਸੈਸ਼ਨ ਵਿੱਚ ਅਗਾਂਹ ਵਧੂ ਅਤੇ ਪਿਛਲੇ ਸਾਲਾਂ ਵਿੱਚ ਯੂਨੀਵਰਸਿਟੀ ਤੋਂ ਇਨਾਮ ਜਿੱਤਣ ਵਾਲੇ ਕਿਸਾਨਾਂ ਦੇ ਤਜ਼ਰਬੇ ਹੋਰ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਇਸ ਆਖਰੀ ਪੈਨਲ ਚਰਚਾ ਦਾ ਵਿਸ਼ਾ ਕਿਸਾਨ ਦੀ ਆਵਾਜ਼ ਸੁਣੋ ਵਿੱਚ ਕਿਸਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਆਪਣੀ ਕਾਮਯਾਬੀ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਥੇ ਨਾਲ ਹੀ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਵੀ ਲੇਖਾ-ਜੋਖਾ ਕੀਤਾ।

ਇਸ ਸੈਸ਼ਨ ਵਿਚ ਮਹਿੰਦਰ ਸਿੰਘ ਦੁਸਾਂਝ,ਜਗਤਾਰ ਸਿੰਘ ਬਰਾੜ,ਬਲਵਿੰਦਰ ਸਿੰਘ ਟਿੱਕਾ ਅਤੇ ਬੀਬੀ ਰਜਿੰਦਰ ਕੌਰ ਆਦਿ ਉੱਦਮੀ ਕਿਸਾਨ ਸ਼ਾਮਿਲ ਹੋਏ। ਸੈਸ਼ਨ ਨੂੰ ਵਧੀਕ ਨਿਰਦੇਸ਼ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਇਕਨਾਮਿਕਸ ਐਂਡ ਸੋਸ਼ੋਲੋਜੀ ਵਿਭਾਗ ਦੇ ਮੁਖੀ ਡਾ ਕਮਲ ਵੱਤਾ ਨੇ ਸੰਚਾਲਿਤ ਕੀਤਾ।ਮੋਟੇ ਤੌਰ ਤੇ ਕਿਸਾਨਾਂ ਦਾ ਵਿਚਾਰ ਸੀ ਕਿ ਅਜਿਹੇ ਮੇਲੇ ਅਤੇ ਚਰਚਾਵਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਅਤੇ ਪਸਾਰ ਸਿੱਖਿਆ ਨੂੰ ਮਾਡਰਨ ਢੰਗ ਨਾਲ ਹੋਰ ਅਸਰਦਾਰ ਬਣਾਇਆ ਜਾਣਾ ਚਾਹੀਦਾ ਹੈ। ਸਾਰੇ ਕਿਸਾਨਾਂ ਨੇ ਇਸ ਮੇਲੇ ਦੀ ਕਾਮਯਾਬੀ ਲਈ ਵਾਈਸ ਚਾਂਸਲਰ ਸਾਹਿਬ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦਾ ਧੰਨਵਾਦ ਵੀ ਕੀਤਾ ।

- Advertisement -

ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮੇਲਾ ਕਿਸਾਨਾਂ ਤਕ ਪਹੁੰਚਣ ਵਿਚ ਬੇਹਦ ਸਫਲ ਰਿਹਾ। ਇਸ ਨਾਲ ਪੁਰਾਣੇ ਮੇਲਿਆਂ ਦੀਆਂ ਯਾਦਾਂ ਵੀ ਤਾਜ਼ਾ ਹੋਈਆਂ ਤੇ ਨਵਾਂ ਸਿੱਖਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਿਸਾਨਾਂ ਤਕ ਨਵੀਂ ਜਾਣਕਾਰੀ ਦੇ ਸੰਚਾਰ ਲਈ ਵਿਕਸਿਤ ਮਾਧਿਅਮ ਅਪਣਾਏ ਜਾਣਗੇ।

ਇਸ ਮੇਲੇ ਦੇ ਦੋਵੇਂ ਦਿਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਨਵੀਂ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨ ਲਈ ਡਿਜ਼ੀਟਲ ਪੋਸਟਰ, ਤਸਵੀਰਾਂ ਅਤੇ ਸਲੋਗਨ ਦਰਸਾਏ ਗਏ ਸਨ । ਇਸ ਤੋਂ ਇਲਾਵਾ ਖੇਤੀ ਜਾਣਕਾਰੀ ਦੇਣ ਵਾਲੇ ਵੀਡੀਓ, ਗੀਤ ਅਤੇ ਟੋਟਕੇ ਵੀ ਦੋਵੇਂ ਦਿਨ ਕਿਸਾਨਾਂ ਨੇ ਭਰਵੇਂ ਰੂਪ ਵਿੱਚ ਦੇਖੇ । ਜ਼ਿਕਰਯੋਗ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇਸ ਵਰਚੂਅਲ ਕਿਸਾਨ ਮੇਲੇ ਦਾ ਹਿੱਸਾ ਬਣੇ। ਯੂਨੀਵਰਸਿਟੀ ਦੀ ਵੈੱਬਸਾਈਟ, ਯੂ-ਟਿਊਬ ਚੈਨਲ ਅਤੇ ਫੇਸਬੁੱਕ ਪੰਨੇ ਉੱਪਰ ਲਗਾਤਾਰ ਇਨ੍ਹਾਂ ਸੈਸ਼ਨਾਂ ਨੂੰ ਕਿਸਾਨਾਂ ਨੇ ਦੇਖਿਆ।

Share this Article
Leave a comment