ਜਗਤਾਰ ਸਿੰਘ ਸਿੱਧੂ
ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ 19 ਜੂਨ ਨੂੰ ਵੋਟਾਂ ਪੈਣ ਦੇ ਐਲਾਨ ਨਾਲ ਪੰਜਾਬ ਦੀਆਂ ਰਾਜਸੀ ਸਰਗਰਮੀਆਂ ਵਿੱਚ ਤੇਜ਼ੀ ਆ ਗਈ ਹੈ । ਇਸ ਸੀਟ ਲਈ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ । ਕਿਹਾ ਜਾ ਰਿਹਾ ਹੈ ਕਿ ਇਹ ਸੀਟ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਇਸ ਸੀਟ ਦਾ ਫਤਵਾ ਪੰਜਾਬ ਦੇ ਰਾਜਸੀ ਉਭਾਰ ਦਾ ਵੀ ਸੰਕੇਤ ਹੋਵੇਗਾ ।
ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਆਪ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਬੇਵਕਤ ਮੌਤ ਹੋਣ ਕਾਰਨ ਖਾਲੀ ਹੋਈ ਹੈ ।ਇਸ ਸੀਟ ਦੇ ਦੋ ਵੱਡੇ ਰਾਜਸੀ ਪਹਿਲੂ ਹਨ। ਆਪ ਦੀ ਪਹਿਲਾਂ ਜਿੱਤੀ ਹੋਈ ਸੀਟ ਹੈ ਅਤੇ ਆਪ ਪੰਜਾਬ ਦੀ ਮਜ਼ਬੂਤ ਹਾਕਮ ਧਿਰ ਹੈ । ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਪਾਰਲੀਮੈਂਟ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਕਾਂਗਰਸ ਮੁੱਖ ਵਿਰੋਧੀ ਧਿਰ ਹੈ ।
ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਲਈ ਸੀਟ ਦੀ ਅਹਿਮੀਅਤ ਕਿਉਂ ਹੈ? ਲੁਧਿਆਣਾ ਪੰਜਾਬ ਦਾ ਕੇਂਦਰੀ ਧੁਰਾ ਹੈ ਅਤੇ ਸੂਬੇ ਦਾ ਪਹਿਲੇ ਦਰਜੇ ਦਾ ਇੰਡਸਟਰੀ ਅਤੇ ਕਾਰੋਬਾਰੀਆਂ ਦਾ ਸ਼ਹਿਰ ਹੈ । ਇਸ ਸ਼ਹਿਰ ਦੀ ਇਕ ਸੀਟ ਦਾ ਫਤਵਾ ਸਾਰੇ ਪੰਜਾਬੀਆਂ ਨੂੰ ਪ੍ਹਭਾਵਿਤ ਕਰੇਗਾ। ਇਸ ਸਥਿਤੀ ਵਿੱਚ ਆਪ ਲਈ ਸੀਟ ਦੇ ਵਕਾਰੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਬੇਸ਼ੱਕ ਚੋਣ ਕਮਿਸ਼ਨ ਨੇ ਇਕ ਦਿਨ ਪਹਿਲਾਂ ਲੁਧਿਆਣਾ ਪੱਛਮੀ ਦੀ ਚੋਣ ਹੋਣ ਦਾ ਐਲਾਨ ਕੀਤਾ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜੋੜੀ ਪਹਿਲਾਂ ਹੀ ਲੁਧਿਆਣਾ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਚੁੱਕੀ ਹੈ । ਸ਼ਹਿਰ ਦੇ ਤਕੜੇ ਸਮਾਜ ਸੇਵੀ ਅਤੇ ਰਾਜ ਸਭਾ ਮੈਬਰ ਸੰਜੀਵ ਅਰੋੜਾ ਪਾਰਟੀ ਦੇ ਪ੍ਰਤੀਨਿਧ ਹਨ।ਵਿਕਾਸ ਦੇ ਲਿਹਾਜ਼ ਨਾਲ ਵੀ ਆਪ ਸਰਕਾਰ ਵੱਲ ਸ਼ਹਿਰੀਆਂ ਦਾ ਝੁਕਾਅ ਹੋ ਸਕਦਾ ਹੈ ਕਿਉਂਕਿ ਦੋ ਸਾਲ ਸਰਕਾਰ ਦੇ ਬਾਕੀ ਹਨ। ਬਗੈਰ ਸ਼ੱਕ ਕਾਂਗਰਸ ਲਈ ਵੀ ਇਹ ਸੀਟ ਅਹਿਮ ਹੈ ਕਿਉਂ ਜੋ ਪਾਰਲੀਮੈਂਟ ਕਾਂਗਰਸ ਕੋਲ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਮੀਦਵਾਰ ਹਨ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਸੀਟ ਦੀ ਅਹਿਮੀਅਤ ਇਸ ਕਰਕੇ ਹੈ ਕਿਉਂਕਿ ਸੁਖਬੀਰ ਬਾਦਲ ਪਾਰਟੀ ਦੇ ਵੱਡੇ ਸੰਕਟ ਵਿੱਚੋਂ ਨਿਕਲਕੇ ਪਹਿਲੀ ਅਹਿਮ ਚੋਣ ਪਾਰਟੀ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੂੰ ਲੜਾ ਰਹੇ ਹਨ। ਪਾਰਟੀ ਦੀ ਕਾਰਗੁਜ਼ਾਰੀ ਭਵਿੱਖ ਲਈ ਬੜੀ ਮਹੱਤਵਪੂਰਨ ਹੈ ।
ਕੇਂਦਰੀ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਆਪਣਾ ਸ਼ਹਿਰ ਹੈ । ਸ਼ਹਿਰੀ ਵੋਟਰਾਂ ਵਿੱਚ ਭਾਜਪਾ ਚੰਗੇ ਅਧਾਰ ਦੀ ਦਾਅਵੇਦਾਰ ਹੈ । ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ । ਇਸਤਰਾਂ ਪੰਜਾਬ ਦੀਆਂ ਰਾਜਸੀ ਧਿਰਾਂ ਲਈ ਇਹ ਕੇਵਲ ਇਕ ਸੀਟ ਨਹੀਂ ਹੈ ਸਗੋਂ ਵੋਟਰਾਂ ਦੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰੌਸ਼ਨੀ ਵਿੱਚ ਭਵਿੱਖ ਦੇ ਰਾਜਸੀ ਫ਼ਤਵੇ ਵਜੋਂ ਵੇਖਿਆ ਜਾ ਰਿਹਾ ਹੈ ।
ਸੰਪਰਕ 9814002186