ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸੋਨੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੇ ਆਯਾਤ (ਇੰਪੋਰਟ) ‘ਤੇ ਲੱਗਣ ਵਾਲੀ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਨਵੀਆਂ ਦਰਾਂ 13 ਮਈ ਤੋਂ ਲਾਗੂ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਆਉਣ ਵਾਲੇ ਦਿਨਾਂ ਵਿੱਚ ਸੋਨਾ ਅਤੇ ਚਾਂਦੀ ਮਹਿੰਗੇ ਹੋ ਸਕਦੇ ਹਨ। ਈਰਾਨ ਜੰਗ ਦੇ ਵਿਚਕਾਰ ਪੀਐਮ ਮੋਦੀ ਨੇ ਹਾਲ ਹੀ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਸਮੇਂ ਲਈ ਸੋਨਾ ਨਾ ਖਰੀਦਣ।
ਇਹ ਕਦਮ ਵਿਦੇਸ਼ੀ ਖਰੀਦ ਨੂੰ ਘਟਾਉਣ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਦਬਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਸੋਨੇ ਅਤੇ ਚਾਂਦੀ ‘ਤੇ ਆਯਾਤ ਡਿਊਟੀ ਨੂੰ 6% ਤੋਂ ਵਧਾ ਕੇ 15% ਕਰ ਦਿੱਤਾ ਹੈ। ਅਸਲ ਵਿੱਚ, ਸੋਨੇ ‘ਤੇ ਕੁੱਲ ਡਿਊਟੀ 15 ਫੀਸਦੀ ਕੀਤੀ ਗਈ ਹੈ, ਜਿਸ ਵਿੱਚ ਬੇਸਿਕ ਕਸਟਮ ਡਿਊਟੀ ਨੂੰ 5% ਤੋਂ ਵਧਾ ਕੇ 10% ਕੀਤਾ ਗਿਆ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਹੈ।
ਇਸ ਤੋਂ ਇਲਾਵਾ ਗੋਲਡ ‘ਤੇ ਐਗਰੀਕਲਚਰ ਇੰਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਸੈੱਸ (AIDC) 1% ਤੋਂ ਵਧਾ ਕੇ 5% ਕਰ ਦਿੱਤਾ ਗਿਆ ਹੈ। UAE ਤੋਂ ਤੈਅ ਮਾਤਰਾ ਵਿੱਚ ਕੋਟੇ ਦੇ ਤਹਿਤ ਆਉਣ ਵਾਲੇ ਸੋਨੇ ‘ਤੇ ਵੀ ਆਯਾਤ ਡਿਊਟੀ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ UAE ਤੋਂ ਤੈਅ ਮਾਤਰਾ ਵਿੱਚ ਕੋਟੇ ਦੇ ਤਹਿਤ ਰਿਆਇਤੀ ਦਰ ‘ਤੇ ਆਯਾਤ ਡਿਊਟੀ ਲੱਗਦੀ ਸੀ।
ਇੰਪੋਰਟ ਡਿਊਟੀ ਵਧਣ ਨਾਲ ਸਰਰਾਫ਼ਾ ਵਪਾਰੀਆਂ ਅਤੇ ਜਵੈਲਰਜ਼ ਲਈ ਸੋਨਾ ਮੰਗਵਾਉਣਾ ਮਹਿੰਗਾ ਹੋ ਜਾਵੇਗਾ। ਇਸ ਦਾ ਸਿੱਧਾ ਅਸਰ ਗਾਹਕਾਂ ‘ਤੇ ਪਵੇਗਾ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

