ਨਵੀ ਦਿੱਲੀ, 25 ਮਾਰਚ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿਧਾਨ ਸਭਾ ‘ਚ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਦੇ ਨਾਲ-ਨਾਲ ਸੂਬੇ ਦੇ ਵਿੱਤ ਮੰਤਰੀ ਦੀ ਭੂਮਿਕਾ ਨਿਭਾਅ ਰਹੀ ਰੇਖਾ ਗੁਪਤਾ ਨੇ ਬਜਟ 2025-26 ਨੂੰ ਇਤਿਹਾਸਕ ਬਜਟ ਦੱਸਿਆ ਹੈ। ਇਸ ਵਾਰ ਬਜਟ 1 ਲੱਖ ਕਰੋੜ ਰੁਪਏ ਦਾ ਹੈ ਅਤੇ ਇਸ ਵਿੱਚ ਬੁਨਿਆਦੀ ਢਾਂਚੇ ਤੋਂ ਲੈ ਕੇ ਮਹਿਲਾ ਸਮ੍ਰਿਧੀ ਯੋਜਨਾ ਤੱਕ ਹਰ ਚੀਜ਼ ਲਈ ਸਰਕਾਰੀ ਖਜ਼ਾਨਾ ਖੋਲ੍ਹ ਦਿੱਤਾ ਗਿਆ ਹੈ। ਮਹਿਲਾ ਸਮ੍ਰਿਧੀ ਯੋਜਨਾ ਲਈ 5100 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਇਸ ਐਲਾਨ ਦੇ ਨਾਲ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਰੇਖਾ ਗੁਪਤਾ ਸਰਕਾਰ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਕਲਿਆਣ ਨੂੰ ਪਹਿਲ ਦਿੰਦੇ ਹੋਏ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ।ਦਿੱਲੀ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮਹਿਲਾ ਸਮ੍ਰਿਧੀ ਯੋਜਨਾ ਰਾਹੀਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ।
ਦਿੱਲੀ ਸਰਕਾਰ ਦੀ ਇਹ ਸਕੀਮ ਉਨ੍ਹਾਂ ਗਰੀਬ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਅਤੇ ਜੋ ਇਨਕਮ ਟੈਕਸ ਦੇ ਦਾਇਰੇ ‘ਚ ਨਹੀਂ ਆਉਂਦੇ ਹਨ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਸਕੀਮ ਅਧੀਨ ਅਪਲਾਈ ਕਰਨ ਵਾਲੀਆਂ ਔਰਤਾਂ ਸਰਕਾਰੀ ਕਰਮਚਾਰੀ ਨਹੀਂ ਹੋਣੀਆਂ ਚਾਹੀਦੀਆਂ ਜਾਂ ਕਿਸੇ ਹੋਰ ਸਰਕਾਰੀ ਸਕੀਮ ਰਾਹੀਂ ਵਿੱਤੀ ਲਾਭ ਨਾ ਲੈ ਰਹੀਆਂ ਹੋਣ। ਸਕੀਮ ਲਈ ਉਮਰ ਸੀਮਾ 18 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ, ਉਹ ਘੱਟ ਤੋਂ ਘੱਟ 5 ਸਾਲ ਤੋਂ ਦਿੱਲੀ ਵਿੱਚ ਰਹਿ ਰਹੀਆ ਹੋਣ।
ਦੱਸ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿੱਤੀ ਸਾਲ 2025-26 ਦੇ ਬਜਟ ਨੂੰ ‘ਵਿਕਸਿਤ ਦਿੱਲੀ ਦੀ ਮਿਠਾਸ’ ਦਾ ਪ੍ਰਤੀਕ ਦੱਸਦਿਆਂ ਇਸ ਨੂੰ ਸਮਾਜ ਦੇ ਹਰ ਵਰਗ ਨੂੰ ਸਮਰਪਿਤ ਦੱਸਿਆ। ਇਹ ਬਜਟ ਭਾਜਪਾ ਦੀ ਦਿੱਲੀ ਸਰਕਾਰ ਦਾ ਪਹਿਲਾ ਬਜਟ ਹੈ, ਜਿਸ ਦੇ 27 ਸਾਲਾਂ ਬਾਅਦ ਦਿੱਲੀ ‘ਚ ਵਾਪਸੀ ਕੀਤੀ ਹੈ।