ਜਲੰਧਰ ‘ਚ BSF ਸਕੂਲ ਕਰਵਾਇਆ ਖਾਲੀ, 2 ਦਿਨ ਪਹਿਲਾਂ ਇਸੇ BSF ਹੈੱਡਕੁਆਰਟਰ ਬਾਹਰ ਹੋਇਆ ਸੀ ਧਮਾਕਾ

Global Team
4 Min Read

ਜਲੰਧਰ: ਜਲੰਧਰ ਵਿੱਚ ਅੱਜ ਅਚਾਨਕ BSF ਸਕੂਲ ਨੂੰ ਖਾਲੀ ਕਰਵਾ ਦਿੱਤਾ ਗਿਆ। ਇਹ ਸਕੂਲ ਉਸੇ BSF ਹੈੱਡਕੁਆਰਟਰ ਵਿੱਚ ਚੱਲਦਾ ਹੈ, ਜਿਸ ਦੇ ਬਾਹਰ ਮੰਗਲਵਾਰ ਰਾਤ ਐਕਟਿਵਾ ‘ਚ ਧਮਾਕਾ ਹੋਇਆ ਸੀ। ਹਾਲਾਂਕਿ ਸਕੂਲ ਖਾਲੀ ਕਰਵਾਉਣ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ।

ਸਕੂਲ ਦੀ ਪ੍ਰਿੰਸੀਪਲ ਰੰਜਨਾ ਡੋਗਰਾ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਫੋਨ ਕਰਕੇ ਬੱਚਿਆਂ ਨੂੰ ਇੱਕ ਘੰਟਾ ਪਹਿਲਾਂ ਛੁੱਟੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧਮਕੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਅਗਲੇ ਦਿਨ ਲਈ ਜੋ ਵੀ ਹੁਕਮ ਹੋਣਗੇ, ਉਹ ਮਾਪਿਆਂ ਨੂੰ ਸਕੂਲ ਗਰੁੱਪਾਂ ਰਾਹੀਂ ਦੱਸੇ ਜਾਣਗੇ।

ਇਸ ਦੇ ਨਾਲ ਹੀ APJ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਪੁਲਿਸ ਤੁਰੰਤ ਸਕੂਲ ਪਹੁੰਚੀ ਅਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਜਲੰਧਰ ਪੁਲਿਸ ਮੁਤਾਬਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਖਾਲੀ ਕਰਵਾਇਆ ਗਿਆ।

ਸਕੂਲ ਪਹੁੰਚੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਇਹ ਸੁਨੇਹਾ ਮਿਲਿਆ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਤੁਰੰਤ ਘਰ ਲੈ ਜਾਇਆ ਜਾਵੇ। ਕਈ ਲੋਕ ਡਿਊਟੀ ਜਾਂ ਨਿੱਜੀ ਕੰਮ ਛੱਡ ਕੇ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚੇ। BSF ਹੈੱਡਕੁਆਰਟਰ ਅਤੇ ਆਰਮੀ ਕੈਂਪ ਦੇ ਬਾਹਰ ਹੋਏ ਧਮਾਕਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਇਸ ਦੌਰਾਨ ਜਲੰਧਰ ਦੀ ADCP ਆਕਰਸ਼ੀ ਜੈਨ ਨੇ ਦੱਸਿਆ ਕਿ ਸ਼ਹਿਰ ਦੇ 5 ਤੋਂ 6 ਸਕੂਲਾਂ ਨੂੰ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਹਨ। ਪੁਲਿਸ ਸਾਰੇ ਸਕੂਲਾਂ ਵਿੱਚ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

ਧਮਕੀ ਭਰੀਆਂ ਮੇਲਾਂ ਦੀ ਟਾਈਮਿੰਗ ਨੂੰ CM ਭਗਵੰਤ ਮਾਨ ਦੇ ਜਲੰਧਰ ਦੌਰੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਆਪਣੀ ਸ਼ੁਕਰਾਨਾ ਯਾਤਰਾ ਦੇ ਸਿਲਸਿਲੇ ਵਿੱਚ ਸ਼ਹਿਰ ਵਿੱਚ ਮੌਜੂਦ ਹਨ, ਜਿਸ ਕਾਰਨ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਧਮਕੀਆਂ ਤੋਂ ਬਾਅਦ ਪੁਲਿਸ ਹਾਈ ਅਲਰਟ ‘ਤੇ ਹੈ।

ਦੂਜੇ ਪਾਸੇ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਦੀ ਜਾਂਚ NIA ਨੇ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਟੀਮਾਂ ਦੋਵਾਂ ਥਾਵਾਂ ‘ਤੇ ਪਹੁੰਚੀਆਂ ਅਤੇ ਜਾਂਚ ਕੀਤੀ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਵਿਸਫੋਟਕ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਪਹਿਚਾਣ ਨਵਾਂਸ਼ਹਿਰ ਦੇ ਬੰਗਾ ਇਲਾਕੇ ਦੇ ਰਹਿਣ ਵਾਲੇ ਦਵਿੰਦਰ ਵਜੋਂ ਹੋਈ ਹੈ, ਜਿਸ ਨੂੰ ਜਮਸ਼ੇਰ ਇਲਾਕੇ ਤੋਂ ਕਾਬੂ ਕੀਤਾ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਚੰਡੀਗੜ੍ਹ ਵਿੱਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਗ੍ਰੇਨੇਡ ਹਮਲੇ ਲਈ ਵੀ ਉਸ ਨੇ ਹੀ ਗ੍ਰੇਨੇਡ ਮੁਹੱਈਆ ਕਰਵਾਏ ਸਨ। ਪੁਲਿਸ ਮੁਤਾਬਕ ਉਸ ਨੂੰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਵਿਸਫੋਟਕ ਮਿਲਦੇ ਸਨ, ਜੋ ਉਹ ਅੱਗੇ ਸਪਲਾਈ ਕਰਦਾ ਸੀ।

ਇਸੇ ਦੌਰਾਨ ਜਲੰਧਰ ਧਮਾਕੇ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਇੱਕ ਦਸਤਾਰ ਧਾਰੀ ਵਿਅਕਤੀ ਬਾਈਕ ‘ਤੇ ਆ ਕੇ ਧਮਾਕੇ ਵਾਲੀ ਥਾਂ ‘ਤੇ ਕੁਝ ਸਮੇਂ ਲਈ ਰੁਕਦਾ ਹੈ ਅਤੇ ਫਿਰ ਉੱਥੋਂ ਚਲਾ ਜਾਂਦਾ ਹੈ। ਉਸ ਦੇ ਜਾਣ ਤੋਂ ਲਗਭਗ 15 ਸਕਿੰਟ ਬਾਅਦ ਧਮਾਕਾ ਹੋ ਜਾਂਦਾ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਰਿਟਾਇਰਡ BSF ਜਵਾਨ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਹੈ। ਦੂਜਾ ਧਮਾਕਾ ਅੰਮ੍ਰਿਤਸਰ ਵਿੱਚ ਆਰਮੀ ਕੈਂਪ ਦੇ ਬਾਹਰ ਹੋਇਆ ਸੀ, ਜਿੱਥੇ ਕੈਂਪ ਅੰਦਰ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਕੰਧ ਨਾਲ ਟਕਰਾ ਕੇ ਫਟ ਗਿਆ।

 

Share This Article
Leave a Comment