ਅੰਮ੍ਰਿਤਸਰ: ਦੇਸ਼ ਭਰ ਵਿੱਚ 80ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਸ਼ਨਾਂ ਦੇ ਹਿੱਸੇ ਵਜੋਂ, ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ‘ਤੇ ਬਾਰਡਰ ਸਕਿਓਰਿਟੀ ਫੋਰਸ (BSF) ਵੱਲੋਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। BSF ਦੇ ਡੀ.ਆਈ.ਜੀ. (DIG) ਐੱਸ.ਐੱਸ. ਚੰਦੇਲ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਅਧਿਕਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਜ਼ਾਦੀ ਦਿਵਸ ਦੇ ਇਸ ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਗਿੱਧਾ ਅਤੇ ਭੰਗੜਾ ਦੇ ਨਾਲ-ਨਾਲ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੌਹਰ ਦਿਖਾਣ ਨੂੰ ਮਿਲੇ।
ਡੀਆਈਜੀ ਐਸ.ਐਸ. ਚੰਦੇਲ ਨੇ ਦੇਸ਼ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੀਐਸਐਫ ਦੇ ਜਵਾਨ ਕੌਮੀ ਸੁਰੱਖਿਆ ਲਈ ਦਿਨ-ਰਾਤ ਸਰਹੱਦਾਂ ਤੇ ਤਾਇਨਾਤ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਏ ਆਪਰੇਸ਼ਨ ਸਿੰਧੂਰ ਦੌਰਾਨ ਬੀਐਸਐਫ ਨੇ ਗੁਆਂਢੀ ਦੇਸ਼ ਨੂੰ ਆਪਣੀ ਤਾਕਤ ਦਿਖਾਈ, ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਡਰੋਨ ਡੇਗੇ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ।
ਡੀਆਈਜੀ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਜਵਾਨਾਂ ਨੇ 118 ਤੋਂ ਵੱਧ ਦੁਸ਼ਮਣ ਚੌਕੀਆਂ ਤਬਾਹ ਕੀਤੀਆਂ। ਇਸ ਮੌਕੇ ਬੀਐਸਐਫ ਦੇ 2 ਜਵਾਨਾਂ ਨੂੰ ਸਬ-ਇੰਸਪੈਕਟਰ ਤੋਂ ਇੰਸਪੈਕਟਰ ਦੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ, ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਸਰਹੱਦ ਦੇ ਰੱਖਿਅਕਾਂ ਦਾ ਮਨੋਬਲ ਵਧਿਆ ਹੈ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਰੰਗਾ-ਰੰਗ ਮਾਹੌਲ ਬਣਿਆ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

