ਲੰਡਨ: ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ ਉਰਫ ਗੈਰੀ ਵਜੋਂ ਹੋਈ ਹੈ।ਪਿਛਲੇ ਹਫ਼ਤੇ ਇਲਫੋਰਡ ਇਲਾਕੇ ਦੇ ਫੇਲਬ੍ਰਿਜ ਰੋਡ ‘ਤੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਬ੍ਰਿਟੇਨ ਦੀ ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ, ਇਸ ਕਤਲ ਵਿੱਚ ਸ਼ਾਮਿਲ ਵਿਅਕਤੀ ਅਤੇ ਪੀੜਤ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਕਤਲ ਦੀ ਸਾਜ਼ਿਸ਼ ਵਿੱਚ 3 ਔਰਤਾਂ ਵੀ ਸ਼ਾਮਿਲ ਹਨ।
ਪੁਲਿਸ ਨੂੰ ਇਸ ਘਟਨਾ ਬਾਰੇ 23 ਜੁਲਾਈ ਨੂੰ ਜਾਣਕਾਰੀ ਮਿਲੀ ਸੀ। ਲੰਡਨ ਐਂਬੂਲੈਂਸ ਸੇਵਾ ਨੇ ਪੁਲਿਸ ਨੂੰ ਇੱਕ ਰਿਹਾਇਸ਼ੀ ਪਤੇ ‘ਤੇ ਹੋਈ ਲੜਾਈ ਬਾਰੇ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਗੁਰਮੁਖ ਸਿੰਘ ਚਾਕੂ ਨਾਲ ਗੰਭੀਰ ਜ਼ਖਮੀ ਮਿਲਿਆ। ਉਸਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ। ਪੁਲਿਸ ਨੇ 27 ਸਾਲਾ ਅਮਰਦੀਪ ਸਿੰਘ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਹੁਣ ਅਮਰਦੀਪ ਸਿੰਘ ਹਿਰਾਸਤ ਵਿੱਚ ਹੈ ਅਤੇ ਉਸਦੀ ਅਗਲੀ ਸੁਣਵਾਈ 5 ਜਨਵਰੀ, 2026 ਨੂੰ ਲੰਡਨ ਦੀ ਮਸ਼ਹੂਰ ਓਲਡ ਬੇਲੀ ਅਦਾਲਤ ਵਿੱਚ ਹੋਵੇਗੀ।
ਪੁਲਿਸ ਨੇ ਇਸ ਮਾਮਲੇ ਨਾਲ ਸਬੰਧਿਤ ਜਾਂਚ ਦੌਰਾਨ ਇੱਕ 29 ਸਾਲਾ ਵਿਅਕਤੀ ਅਤੇ ਤਿੰਨ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਇਨ੍ਹਾਂ ਸਾਰਿਆਂ ਨੂੰ ਅਕਤੂਬਰ ਤੱਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਕਤਲ ਦੇ ਕਾਰਨਾਂ ਸਬੰਧੀ ਕਈ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।