ਚੰਡੀਗੜ੍ਹ : ਹਮੇਸ਼ਾ ਹੀ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਹਨ। ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲਾ ਵੱਲੋ ਹਿੰਸਾ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਦਿਆਂ ਪੋਸਟ ਕੀਤੀ ਨਵੀਂ ਵੀਡੀਓ ‘ਸੰਜੂ’ ਦੇ ਮਾਮਲੇ ਵਿਚ ਉਸ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ।
ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੂੰ ਆਰਮਜ਼ ਐਕਟ ਦੇ ਕੇਸ ‘ਚ ਮਿਲੀ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਦੇ ਲਈ ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਦਾ ਨਵਾਂ ਗਾਣਾ “ਸੰਜੂ” ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਇਆ ਹੈ ਜਿਸ ਕਾਰਨ ਉਸ ਦੇ ਖਿਲਾਫ ਕ੍ਰਾਈਮ ਬ੍ਰਾਂਚ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਪੰਜਾਬ ਦੇ ਏ ਡੀ ਜੀ ਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ‘ਸੰਜੂ’ ਗਾਣੇ ਦੇ ਮਾਮਲੇ ‘ਚ ਉਸਦੇ ਖਿਲਾਫ ਮੁਹਾਲੀ ਦੇ ਫੇਜ਼ 4 ਵਿਚ ਧਾਰਾ 188, 294, 504 ਅਤੇ 120 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।