ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਜਿਸ ਬ੍ਰਾਜ਼ੀਲੀਅਨ ਮਾਡਲ ਦੀ ਤਸਵੀਰ ਵਿਖਾਈ ਸੀ, ਉਸ ਦਾ ਇੱਕ ਵੀਡੀਓ ਸਾਹਮਣੇ ਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X ਤੇ ਕਈ ਅਕਾਊਂਟਾਂ ਨੇ ਇਹ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਔਰਤ ਦਾ ਨਾਮ ਲੇਰਿਸਾ ਹੈ।
ਵੀਡੀਓ ਵਿੱਚ ਔਰਤ ਪੁਰਤਗਾਲੀ ਭਾਸ਼ਾ ਵਿੱਚ ਗੱਲ ਕਰਦਿਆਂ ਕਹਿੰਦੀ ਹੈ— ਦੋਸਤੋ, ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਂਦੀ ਹਾਂ। ਇਹ ਬਹੁਤ ਭਿਆਨਕ ਹੈ! ਭਾਰਤ ਵਿੱਚ ਵੋਟ ਪਾਉਣ ਲਈ ਮੇਰੀ ਤਸਵੀਰ ਵਰਤੀ ਜਾ ਰਹੀ ਹੈ। ਮੈਨੂੰ ਭਾਰਤੀ ਦੱਸ ਕੇ ਆਪਸ ਵਿੱਚ ਲੜ ਰਹੇ ਹਨ। ਵੇਖੋ, ਕਿੰਨਾ ਪਾਗਲਪਨ ਹੈ!
ਲੇਰਿਸਾ ਨੇ ਅੱਗੇ ਕਿਹਾ ‘ ਭਾਰਤੀ ਰਾਜਨੀਤੀ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਉਹ ਤਸਵੀਰ ਮੇਰੇ ਮਾਡਲਿੰਗ ਦੇ ਸ਼ੁਰੂਆਤੀ ਦਿਨਾਂ ਦੀ ਹੈ, ਜਦੋਂ ਮੈਂ 18 ਜਾਂ 20 ਸਾਲ ਦੀ ਸੀ। ਉਹ ਤਸਵੀਰ ਇੱਕ ਸਟਾਕ ਇਮੇਜ ਪਲੇਟਫਾਰਮ ਤੋਂ ਖਰੀਦੀ ਗਈ ਅਤੇ ਮੇਰੀ ਇਜਾਜ਼ਤ ਤੋਂ ਬਿਨਾਂ ਵਰਤੀ ਗਈ। ਮੈਂ ਤਾਂ ਭਾਰਤ ਵੀ ਕਦੇ ਨਹੀਂ ਗਈ।’
ਲੇਰਿਸਾ ਨੇ ਦੱਸਿਆ ‘ਹੁਣ ਮੈਂ ਮਾਡਲ ਨਹੀਂ ਹਾਂ। ਉਹ ਲੋਕਾਂ ਨੂੰ ਠੱਗਣ ਲਈ ਮੈਨੂੰ ਭਾਰਤੀ ਦੱਸ ਰਹੇ ਹਨ। ਕਿੰਨਾ ਪਾਗਲਪਨ ਹੈ! ਅਸੀਂ ਕਿਹੜੀ ਦੁਨੀਆਂ ਵਿੱਚ ਰਹਿ ਰਹੇ ਹਾਂ? ਦਾਅਵੇ ਅਨੁਸਾਰ, ਔਰਤ ਨੇ ਆਪਣੇ ਇੰਸਟਾਗ੍ਰਾਮ ਤੇ ਦੱਸਿਆ ਕਿ ਇੱਕ ਰਿਪੋਰਟਰ ਨੇ ਇਸ ਮਾਮਲੇ ਤੇ ਇੰਟਰਵਿਊ ਲਈ ਉਸ ਨਾਲ ਇੰਸਟਾਗ੍ਰਾਮ ਤੇ ਸੰਪਰਕ ਵੀ ਕੀਤਾ ਸੀ।
ਰਾਹੁਲ ਨੇ ਕਿਹਾ ਸੀ— ਬ੍ਰਾਜ਼ੀਲੀਅਨ ਮਾਡਲ ਨੇ ਹਰਿਆਣਾ ਵਿੱਚ ਵੋਟ ਪਾਈ
ਰਾਹੁਲ ਨੇ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਹਰਿਆਣਾ ਦੀ ਵੋਟਰ ਲਿਸਟ ਵਿੱਚ ਬ੍ਰਾਜ਼ੀਲੀਅਨ ਲੜਕੀ ਦਾ ਕੀ ਕੰਮ ਹੈ। ਰਾਹੁਲ ਨੇ ਕਾਂਗਰਸ ਦਫ਼ਤਰ ਵਿੱਚ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਇਲਜ਼ਾਮ ਲਗਾਇਆ ਸੀ ਕਿ ਹਰਿਆਣਾ ਵਿੱਚ 2024 ਵਿਧਾਨ ਸਭਾ ਚੋਣਾਂ ਵਿੱਚ 25 ਲੱਖ ਵੋਟਾਂ ਚੋਰੀ ਹੋਈਆਂ। ਰਾਹੁਲ ਨੇ ਇੱਕ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਵਿਖਾਈ ਸੀ। ਰਾਹੁਲ ਨੇ ਸਵਾਲ ਕੀਤਾ ਕਿ ਹਰਿਆਣਾ ਦੀ ਵੋਟਰ ਲਿਸਟ ਵਿੱਚ ਬ੍ਰਾਜ਼ੀਲੀਅਨ ਲੜਕੀ ਦਾ ਕੀ ਕੰਮ ਹੈ।
ਉਨ੍ਹਾਂ ਨੇ ਪ੍ਰਜੈਂਟੇਸ਼ਨ ਵਿਖਾਉਂਦਿਆਂ ਦਾਅਵਾ ਕੀਤਾ ਕਿ ਬ੍ਰਾਜ਼ੀਲੀਅਨ ਮਾਡਲ ਨੇ ਹਰਿਆਣਾ ਚੋਣਾਂ ਦੌਰਾਨ 10 ਬੂਥਾਂ ਤੇ ਸੀਮਾ, ਸਵੀਟੀ ਅਤੇ ਸਰਸਵਤੀ ਦੇ ਨਾਮ ਤੇ 22 ਵਾਰ ਵੋਟ ਪਾਈ। ਇੱਕ ਹੋਰ ਔਰਤ ਨੇ ਇੱਕ ਅਸੈਂਬਲੀ ਵਿੱਚ 100 ਵਾਰ ਵੋਟ ਕੀਤੀ। ਇਸ ਤਰ੍ਹਾਂ 25 ਲੱਖ ਵੋਟਾਂ ਦੀ ਚੋਰੀ ਹੋਈ।
ਰਾਹੁਲ ਗਾਂਧੀ ਨੇ ਬ੍ਰਾਜ਼ੀਲੀਅਨ ਮਾਡਲ ਦਾ ਨਾਮ ਨਹੀਂ ਦੱਸਿਆ। ਹਾਲਾਂਕਿ ਉਸ ਦੀ ਤਸਵੀਰ ਫੋਟੋਗ੍ਰਾਫਰ ਮੈਥਿਆਸ ਫੇਰੇਰੋ ਨੇ ਫ੍ਰੀ ਸਟਾਕ ਇਮੇਜ ਪਲੇਟਫਾਰਮ Unsplash.com ਤੇ ਅਪਲੋਡ ਕੀਤੀ ਸੀ। ਰਾਹੁਲ ਨੇ ਇਹ ਤਸਵੀਰ ਉੱਥੋਂ ਹੀ ਕੱਢੀ। ਮਾਡਲ ਦੀ ਤਸਵੀਰ ਪਹਿਲੀ ਵਾਰ 2 ਮਾਰਚ, 2017 ਨੂੰ ਪਬਲਿਸ਼ ਕੀਤੀ ਗਈ ਸੀ ਅਤੇ ਇਸ ਨੂੰ Unsplash ਲਾਇਸੈਂਸ ਅਧੀਨ 5.9 ਕਰੋੜ ਤੋਂ ਵੱਧ ਵਾਰ ਵੇਖਿਆ ਗਿਆ ਹੈ ਅਤੇ 4 ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ।

