ਕੈਨੇਡਾ ‘ਚ 22 ਸਾਲਾ ਪੰਜਾਬੀ ਵਿਦਿਆਰਥਣ ਨਾਲ ਲੁੱਟ, ਰੈਸਟੋਰੈਂਟ ਨੇ ਘੱਟ ਤਨਖਾਹ ‘ਤੇ ਕਰਵਾਇਆ ਕੰਮ

TeamGlobalPunjab
2 Min Read

ਬਰੈਂਪਟਨ : ਕੈਨੇਡਾ ‘ਚ 22 ਸਾਲ ਦੀ ਪੰਜਾਬੀ ਵਿਦਿਆਰਥਣ ਸਤਿੰਦਰ ਕੌਰ ਗਰੇਵਾਲ ਨੂੰ ਪੀਲ ਰੀਜਨ ਦੇ ਇਕ ਰੈਸਟੋਰੈਂਟ ‘ਚ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਹੁਣ ਉਹ ਆਪਣੀ ਮਿਹਨਤ ਦੇ 18 ਹਜ਼ਾਰ ਡਾਲਰ ਵਾਪਸ ਚਾਹੁੰਦੀ ਹੈ। ਸਤਿੰਦਰ ਕੌਰ ਗਰੇਵਾਲ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ ਅਤੇ ਵੈਬ ਡਿਜ਼ਾਈਨਿੰਗ ਦਾ ਕੋਰਸ ਪੁਰਾ ਕੀਤਾ। ਇਸ ਤੋਂ ਬਾਅਦ ਉਸ ਨੇ ਵੱਡੇ ਸਟੋਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਮਹਾਂਮਾਰੀ ਦੌਰਾਨ ਉਸਨੂੰ ਨੌਕਰੀ ਗਵਾਉਣੀ ਪਈ। ਫਿਰ ਸਤਿੰਦਰ ਨੂੰ ਪੀਲ ਰੀਜਨ ਦੇ ਰੈਸਟੋਰੈਂਟ ਵਿਚ ਨੌਕਰੀ ਮਿਲ ਗਈ ਅਤੇ ਇਸ ਤੋਂ ਇਲਾਵਾ ਉਸ ਨੂੰ ਪੀ.ਆਰ ਲਈ ਚਿੱਠੀ ਵੀ ਮੁਹੱਈਆ ਕਰਵਾਈ ਗਈ। ਇਸੇ ਕਰ ਕੇ ਸਤਿੰਦਰ ਨੇ ਸਿਰਫ਼ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨਾ ਮਨਜ਼ੂਰ ਕਰ ਲਿਆ।

ਸਤਿੰਦਰ ਕੌਰ ਨੇ ਰੈਸਟੋਰੈਂਟ ‘ਚ ਸਰਵਰ, ਕੁੱਕ, ਕਲੀਨਰ ਅਤੇ ਕੈਸ਼ੀਅਰ ਹਰ ਤਰ੍ਹਾਂ ਦਾ ਕੰਮ ਕੀਤਾ। ਨੌਕਰੀ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਸਤਿੰਦਰ ਕੌਰ ਦੀ ਦਿਹਾੜੀ 100 ਡਾਲਰ ਰੋਜ਼ਾਨਾ ਕਰ ਦਿੱਤੀ ਗਈ ਪਰ ਕੰਮ ਦਾ ਸਮਾਂ 12 ਘੰਟੇ ਹੋ ਗਿਆ। ਓਨਟਾਰੀਓ ਵਿਚ 14 ਡਾਲਰ ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਰਤ ਦਰ ਹੋਣ ਦੇ ਬਾਵਜੂਦ ਉਹ 8 ਡਾਲਰ ਪ੍ਰਤੀ ਘੰਟਾ ‘ਤੇ ਕੰਮ ਕਰ ਰਹੀ ਸੀ।

 

ਨੌਜਵਾਨ ਸਪੋਰਟ ਨੈਟਵਰਕ ਨੇ ਸਤਿੰਦਰ ਕੌਰ ਦੀ ਮਦਦ ਕੀਤੀ ਅਤੇ ਓਨਟਾਰੀਓ ਦੇ ਕਿਰਤ ਮੰਤਰਾਲੇ ਕੋਲ ਸ਼ਿਕਾਇਤ ਦਰਜ ਕਰਵਾਈ।
ਫਿਲਹਾਲ ਸਤਿੰਦਰ ਕੌਰ ਗਰੇਵਾਲ ਨੂੰ ਹੁਣ ਨਵੀਂ ਨੌਕਰੀ ਮਿਲ ਗਈ ਅਤੇ ਹੁਣ ਉਸ ਨੂੰ ਘੱਟੋ-ਘੱਟ ਤਨਖਾਹ ਦਰ ਮਿਲ ਰਹੀ ਹੈ। ਸਤਿੰਦਰ ਨੇ ਕਿਹਾ ਉਸ ਨੂੰ ਉਮੀਦ ਹੈ ਕਿ 18 ਹਜ਼ਾਰ ਡਾਲਰ ਦੀ ਬਕਾਇਆ ਤਨਖਾਹ ‘ਚੋਂ ਕੁਝ ਰਕਮ ਉਸ ਨੂੰ ਮਿਲ ਜਾਵੇਗੀ।

Share This Article
Leave a Comment