ਨਿਊਜ਼ ਡੈਸਕ: ਸਾਊਥ ਫਿਲਮਾਂ ਦੇ ਅਦਾਕਾਰ ਬ੍ਰਹਮਾਨੰਦਮ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿੱਚ ਇੱਕ ਜੀਵਤ ਅਭਿਨੇਤਾ ਦੇ ਤੌਰ ਤੇ ਦਰਜ ਕੀਤਾ ਗਿਆ ਹੈ, ਜਿਸ ਨੇ ਸਭ ਤੋਂ ਵੱਧ ਸਕ੍ਰੀਨ ਕ੍ਰੈਡਿਟ ਪ੍ਰਾਪਤ ਕੀਤੇ ਹਨ। ਅੱਜ ਉਨ੍ਹਾਂ ਨੇ ਆਪਣਾ 63 ਵਾਂ ਜਨਮ ਦਿਨ ਮਨਾਇਆ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ ਮੌਕੇ ਹੈਸ਼ਟੈਗ ਬਣਾ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਤੁਸੀਂ ਬ੍ਰਹਮਾਨੰਦਮ ਨੂੰ ਲਗਭਗ ਹਰ ਇੱਕ ਤੇਲਗੂ ਫਿਲਮ ‘ਚ ਵੇਖ ਸਕਦੇ ਹੋ। ਉਨ੍ਹਾਂ ਨੇ ਸਾਊਥ ਦੇ ਹਰ ਸੁਪਰਸਟਾਰ ਨਾਲ ਫਿਲਮਾਂ ‘ਚ ਕੰਮ ਕੀਤਾ ਹੈ। ਬ੍ਰਹਮਾਨੰਦਮ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1987 ਵਿੱਚ ਆਪਣੀ ਪਹਿਲੀ ਫਿਲਮ “ਅਹਾ ਨਾ ਪਲੰਟਾ” ਤੋਂ ਕੀਤੀ ਸੀ। ਉਹ ਹੁਣ ਤੱਕ 1000 ਤੋਂ ਵੀ ਜ਼ਿਆਦਾ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।
ਬ੍ਰਹਮਾਨੰਦਮ ਨੂੰ ਮਜ਼ਾਕੀਆ ਕਿਰਦਾਰਾਂ ਤੇ ਆਨ-ਸਕ੍ਰੀਨ ਮਨੋਰੰਜਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਤੇਲਗੂ ਦੇ ਨਾਲ-ਨਾਲ ਕੰਨੜ ਤੇ ਤਾਮਿਲ ਸਿਨੇਮਾ ‘ਚ ਵੀ ਕੰਮ ਕੀਤਾ ਹੈ।
ਸਾਲ 2009 ‘ਚ ਉਨ੍ਹਾਂ ਨੂੰ ਭਾਰਤੀ ਸਿਨੇਮਾ ‘ਚ ਯੋਗਦਾਨ ਲਈ ਪਦਮ ਸ੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮਫੇਅਰ ਸਿਨੇਮ ਅਵਾਰਡ ਤੇ ਨੰਦੀ ਅਵਾਰਡ ਵੀ ਪ੍ਰਾਪਤ ਕੀਤੇ ਹਨ।
ਬ੍ਰਹਮਾਨੰਦਮ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਲਕਸ਼ਮੀ ਨਾਲ ਹੋਇਆ ਜਿਸ ਤੋਂ ਉਨ੍ਹਾਂ ਨੂੰ ਰਾਜਾ ਗੌਤਮ ਤੇ ਸਿਧਾਰਥ ਦੋ ਬੱਚੇ ਹੋਏ ਸਨ। ਹਾਲ ਹੀ ‘ਚ ਉਨ੍ਹਾਂ ਨੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ (ਏ.ਐੱਚ.ਆਈ) ਤੋਂ ਦਿਲ ਦੀ ਬਾਈਪਾਸ ਸਰਜਰੀ ਕਰਵਾਈ ਹੈ।