ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ

Global Team
2 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਸੋਮਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੁਲਿਸ ਕੰਟਰੋਲ ਰੂਮ ਨੂੰ ਮਿਲੇ ਧਮਕੀ ਭਰੇ ਸੰਦੇਸ਼ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਚੌਕਸ ਹੋ ਗਈਆਂ। ਜਾਣਕਾਰੀ ਮਿਲਦੇ ਹੀ ਸਬੰਧਤ ਸਕੂਲਾਂ ਦੇ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ।

ਇਨ੍ਹਾਂ ਸਕੂਲਾਂ ਦੇ ਨਾਮ ਧਮਕੀ ਵਿੱਚ ਸ਼ਾਮਲ

ਪੁਲਿਸ ਕੰਟਰੋਲ ਰੂਮ ਨੂੰ ਮਿਲੇ ਸੰਦੇਸ਼ ਵਿੱਚ ਏਅਰਫੋਰਸ ਸਕੂਲ ਸੈਕਟਰ-31, ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਸੈਕਟਰ-28, ਡੀਏਵੀ ਮਾਡਲ ਸਕੂਲ ਸੈਕਟਰ-15, ਸੇਂਟ ਸਟੀਫਨਜ਼ ਸਕੂਲ ਸੈਕਟਰ-45 ਅਤੇ ਅਜੀਤ ਸਕੂਲ ਸੈਕਟਰ-41 ਤੇ 45 ਦੇ ਨਾਮ ਸ਼ਾਮਲ ਹੋਣ ਦੀ ਜਾਣਕਾਰੀ ਹੈ।

ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਅੰਕੁਰ ਸਕੂਲ ਨੂੰ ਲੈ ਕੇ ਵੀ ਧਮਕੀ ਭਰਿਆ ਸੰਦੇਸ਼ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਧਮਕੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਨੇ ਸਬੰਧਤ ਸਕੂਲਾਂ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਬੰਧ ਸੰਭਾਲ ਲਏ। ਸਕੂਲਾਂ ਦੇ ਅੰਦਰ ਅਤੇ ਬਾਹਰ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਧਮਕੀ  ਨੂੰ ਲੈ ਕੇ ਜਾਂਚ ਜਾਰੀ

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਕੀ ਭਰਿਆ ਸੰਦੇਸ਼ ਕਿਸ ਮਾਧਿਅਮ ਰਾਹੀਂ ਭੇਜਿਆ ਗਿਆ ਅਤੇ ਇਸ ਦੇ ਪਿੱਛੇ ਕੌਣ ਹੈ। ਪੁਲਿਸ ਵੱਲੋਂ ਸੰਦੇਸ਼ ਦੇ ਸਰੋਤ ਅਤੇ ਤਕਨੀਕੀ ਜਾਣਕਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਤੱਕ ਸਕੂਲਾਂ ਵਿੱਚ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਧਮਕੀ ਅਸਲ ਹੈ ਜਾਂ ਕਿਸੇ ਨੇ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਫਰਜ਼ੀ ਸੰਦੇਸ਼ ਭੇਜਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।

Share This Article
Leave a Comment