ਬਜਟ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ!

Global Team
3 Min Read

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਅਤੇ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਪ੍ਰਾਪਤ ਹੋਈ ਹੈ। ਦਿੱਲੀ ਵਿਧਾਨ ਸਭਾ ਵਿੱਚ ਸਨਿਫਰ ਡੌਗ, ਬੰਬ ਸਕੁਐਡ ਅਤੇ ਹੋਰ ਤਮਾਮ ਏਜੰਸੀਆਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਜੋ 11:00 ਵਜੇ ਸ਼ੁਰੂ ਹੋਣੀ ਸੀ, ਉਹ ਹੁਣ ਕੁਝ ਸਮਾਂ ਦੇਰੀ ਨਾਲ ਸ਼ੁਰੂ ਹੋਵੇਗੀ।

ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਧਮਕੀ ਭਰੇ ਈਮੇਲ ਵਿੱਚ ਨਾ ਸਿਰਫ਼ ਸਪੀਕਰ ਨੂੰ ਨਿੱਜੀ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ, ਸਗੋਂ ਵਿਧਾਨ ਸਭਾ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਮੰਗਲਵਾਰ ਨੂੰ ਬਜਟ ਪੇਸ਼ ਕਰਨ ਵਾਲੇ ਸਨ।

ਅਧਿਕਾਰਤ ਸੂਤਰਾਂ ਅਨੁਸਾਰ ਮੰਗਲਵਾਰ ਸਵੇਰੇ ਲਗਭਗ 8:57 ਵਜੇ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਨਿੱਜੀ ਈਮੇਲ ਆਈਡੀ ‘ਤੇ ਇੱਕ ਸ਼ੱਕੀ ਸੁਨੇਹਾ ਪ੍ਰਾਪਤ ਹੋਇਆ। ਇਸ ਤੋਂ ਠੀਕ 10 ਮਿੰਟ ਬਾਅਦ ਸਵੇਰੇ 9:08 ਵਜੇ, ਵਿਧਾਨ ਸਭਾ ਸਕੱਤਰੇਤ ਦੇ ਅਧਿਕਾਰਤ ਆਈਡੀ ‘ਤੇ ਇੱਕ ਹੋਰ ਅਜਿਹਾ ਹੀ ਈਮੇਲ ਪ੍ਰਾਪਤ ਹੋਇਆ। ਦੱਸ ਦਈਏ ਸਪੀਕਰ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਦੋਸ਼ੀਆਂ ਵਿਰੁੱਧ ਪੂਰੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਇੱਕ ਬੰਬ ਨਿਰੋਧਕ ਦਸਤਾ ਅਤੇ ਇੱਕ ਸਨਿਫਰ ਡੌਗ ਦਸਤਾ ਤਾਇਨਾਤ ਕਰ ਦਿੱਤਾ। ਸਾਈਬਰ ਸੈੱਲ ਟੀਮਾਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ। ਪਿਛਲੇ ਮਹੀਨੇ ਦਿੱਲੀ ਵਿਧਾਨ ਸਭਾ ਨੂੰ ਬੰਬ ਦੀ ਧਮਕੀ ਮਿਲੀ ਸੀ, ਜਿਸ ਕਾਰਨ ਸੁਰੱਖਿਆ ਉਪਾਅ ਵਧਾ ਦਿੱਤੇ ਗਏ।

ਦੂਜੇ ਪਾਸੇ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰੀਕੇ ਨਾਲ ਲੋਕਤੰਤਰ ਦੇ ਮੰਦਰ ਨੂੰ ਧਮਕਾਉਣਾ ਨਿੰਦਣਯੋਗ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਧਮਕੀਆਂ ਉਨ੍ਹਾਂ ਨੂੰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਤੋਂ ਨਹੀਂ ਰੋਕ ਸਕਦੀਆਂ। ਉਨ੍ਹਾਂ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਨੂੰ ਇਸ ਈਮੇਲ ਦੇ ਆਈਪੀ ਐਡਰੈੱਸ ਨੂੰ ਟਰੈਕ ਕਰਨ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਦੀ ਅਪੀਲ ਕੀਤੀ।

Share This Article
Leave a Comment