ਅੰਮ੍ਰਿਤਸਰ ‘ਚ ਕੋਰੋਨਾ ਪਾਜ਼ਿਟਿਵ ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ, ਚਾਰ ਕਰਮੀਆਂ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼

TeamGlobalPunjab
2 Min Read

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਪਾਜ਼ਿਟਿਵ ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿੱਥੇ ਡੀਸੀ ਸ਼ਿਵ ਦੁਲਾਰ ਸਿੰਘ ਨੇ ਮਜਿਸਟਰੇਟ ਜਾਂਚ ਦੇ ਆਦੇਸ਼ ਦੇ ਦਿੱਤੇ ਹਨ, ਉੱਥੇ ਹੀ ਇਸ ਘਟਨਾ ਦੇ ਕਾਰਨ ਹੋਈ ਪਰੇਸ਼ਾਨੀ ਦੇ ਚਲਦੇ ਹਸਪਤਾਲ ਪ੍ਰਸ਼ਾਸਨ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਦੋ ਸਟਾਫ ਨਰਸਾਂ ਅਤੇ ਹੋਰ ਚਾਰ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਇਸ ਨੂੰ ਲੈ ਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਪੱਤਰ ਲਿਖ ਦਿੱਤਾ ਗਿਆ ਹੈ।

ਉੱਥੇ ਹੀ ਮੁਅੱਤਲ ਕਰਨ ਲਈ ਪੱਤਰ ਲਿਖੇ ਜਾਣ ਤੋਂ ਬਾਅਦ ਹਸਪਤਾਲ ਦਾ ਸਟਾਫ ਭੜਕ ਗਿਆ ਹੈ। ਸਟਾਫ ਮੈਬਰਾਂ ਦਾ ਕਹਿਣਾ ਹੈ ਕਿ ਜਾਣ ਬੁਝ ਕੇ ਛੋਟੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਰਮਚਾਰੀ ਆਗੂ ਨਰਿੰਦਰ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਹੈਂਡਓਵਰ ਕਰਨਾ ਡਾਕਟਰ ਦਾ ਕੰਮ ਹੈ। ਡਾਕਟਰ ਨੇ ਮਰੀਜ਼ ਦੀ ਜਾਣਕਾਰੀ ਲਿਖ ਕੇ ਦਿੱਤੀ ਸੀ, ਪੂਰੀ ਜ਼ਿੰਮੇਵਾਰੀ ਡਾਕਟਰ ਦੀ ਹੈ। ਜੇਕਰ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਤਾਂ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿੱਚ ਹੜਤਾਲ ਕੀਤੀ ਜਾਵੇਗੀ।

ਸ਼ੁੱਕਰਵਾਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜ਼ੁਰਗ ਪ੍ਰੀਤਮ ਸਿੰਘ ਅਤੇ ਅੰਮ੍ਰਿਤਸਰ ਦੀ ਮਹਿਲਾ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਸੀ। ਦੋਵਾਂ ਦੀ ਮ੍ਰਿਤਕ ਦੇਹਾਂ ‘ਤੇ ਗਲਤ ਟੈਗ ਲੱਗੇ ਹੋਣ ਕਾਰਨ ਬਦਲ ਗਏ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਰਾਮ ਸਹਾਏ ਵਿੱਚ ਮ੍ਰਿਤਕ ਦੇ ਚਿਹਰੇ ਤੋਂ ਕੱਪੜਾ ਹਟਾਇਆ ਗਿਆ। ਪਰਿਵਾਰ ਨੂੰ ਆਪਣੇ ਬਜ਼ੁਰਗ ਪ੍ਰੀਤਮ ਸਿੰਘ ਦੀ ਥਾਂ ਮਹਿਲਾ ਦੀ ਦੇਹ ਮਿਲੀ ਸੀ।

Share this Article
Leave a comment