ਟੋਰਾਂਟੋ : ਟੋਰਾਂਟੋ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਣ ਦੀ ਖਬਰ ਹੈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋਏ ਹਨ।
ਬੁੱਧਵਾਰ ਸਵੇਰੇ ਥੌਰਨਕਲਿਫ ਪਾਰਕ ਦੇ ਉੱਤਰ ਵਿੱਚ ਬੇਥ ਨੀਲਸਨ ਡਰਾਈਵ ਅਤੇ ਵਿਕਸਟੀਡ ਐਵੇਨਿਊ ਖੇਤਰ ਦੇ ਪਲਾਂਟ ‘ਚ ਵੱਡੇ ਧਮਾਕੇ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ।
ਘਟਨਾ ਵਾਲੀ ਥਾਂ ‘ਤੇ ਪੁੱਜੀ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹ ਸਿਲਟੈਕ ਕਾਰਪੋਰੇਸ਼ਨ ਦੇ ਪਤੇ 225 ਵਿਕਸਟੀਡ ਐਵੇਨਿਊ ‘ਤੇਪਹੁੰਚੇ ਅਤੇ ਉਨ੍ਹਾਂ ਨੂੰ ਇੱਕ ਜ਼ਖਮੀ ਵਿਅਕਤੀ ਮਿਲਿਆ।
ਪੈਰਾਮੈਡਿਕਸ ਨੇ ਕਿਹਾ ਕਿ ਸੀਪੀਆਰ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਆਏ ਪਹਿਲੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇੱਕ ਹੋਰ ਮਰੀਜ਼, ਜਿਹੜਾ ਇੱਕ ਬਾਲਗ ਪੁਰਸ਼ ਸੀ, ਗੰਭੀਰ ਜਲਣ ਨਾਲ ਪੀੜਤ ਪਾਇਆ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ।
ਐਮਰਜੈਂਸੀ ਕਾਲ ਕਰਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਫਿਰ ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲਦਾ ਵੇਖਿਆ।
ਫਾਇਰ ਫਾਈਟਰਜ਼ ਅਨੁਸਾਰ ਉਨ੍ਹਾਂ ਨੇ ਫੋਮ ਦੀ ਵਰਤੋਂ ਕਰਕੇ ਅੱਗ ਨੂੰ ਕਾਬੂ ਕੀਤਾ ਹੈ । ਕਾਰਜਕਾਰੀ ਫਾਇਰ ਚੀਫ ਜਿਮ ਜੈਸੋਪ ਨੇ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਕਿਹਾ, “ਇਸ ਕਿਸਮ ਦੀਆਂ ਘਟਨਾਵਾਂ ਵਿੱਚ ਅੱਗ ਤੇ ਕਾਬੂ ਪਾਉਣਾ ਆਮ ਘਟਨਾਵਾਂ ਨਾਲੋਂ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਅੱਗ ਲੱਗਣ ਵਾਲੇ ਰਸਾਇਣਾਂ ਦੇ ਸੰਬੰਧ ਵਿੱਚ ਇੱਕ ਖਾਸ ਬੁਝਾਉਣ ਵਾਲਾ ਏਜੰਟ ਚੁਣਨਾ ਪੈਂਦਾ ਹੈ। ਇਸੇ ਕਾਰਨ ਅੱਗ ਨੂੰ ਬੁਝਾਉਣ ਵਿੱਚ ਕਾਫ਼ੀ ਸਮਾਂ ਲੱਗਿਆ।”
ਧਮਾਕੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਫਾਇਰ ਇਨਵੈਸਟੀਗੇਟਰ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਓਂਟਾਰੀਓ ਦਾ ਕਿਰਤ ਮੰਤਰਾਲਾ ਜਾਂਚ ਕਰੇਗਾ ਕਿ ਧਮਾਕਾ ਕਿਸ ਕਾਰਨ ਹੋਇਆ। ਮੰਨਿਆ ਜਾਂਦਾ ਹੈ ਕਿ ਪਲਾਂਟ ਸਿਲੀਕੋਨ ਉਤਪਾਦਾਂ ਦਾ ਉਤਪਾਦਨ ਕਰਦਾ ਹੈ।