ਸ਼ਾਮਲੀ : ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਕਸਬੇ ਕੈਰਾਨਾ ਵਿਖੇ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਗੈਰਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਚਾਰ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੇ ਸਮੇਂ ਫੈਕਟਰੀ ਵਿੱਚ 12 ਮਜ਼ਦੂਰ ਕੰਮ ਕਰ ਰਹੇ ਸਨ।
ਸ਼ਾਮਲੀ ਦੇ ਐਸਪੀ ਸੁਕੀਰਤੀ ਮਾਧਵ ਨੇ ਦੱਸਿਆ ਕਿ ਮਲਬੇ ਹੇਠ ਕੁਝ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਲਈ ਬਚਾਅ ਕਾਰਜ ਜਾਰੀ ਹੈ। ਫੈਕਟਰੀ ਵਿੱਚ ਦੀਵਾਲੀ ਦੇ ਤਿਉਹਾਰ ਲਈ ਭਾਰੀ ਮਾਤਰਾ ਵਿੱਚ ਵਿਸਫੋਟਕ ਲਿਆ ਕੇ ਪਟਾਕੇ ਬਣਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਨੂੰ ਲੀਜ਼ ਤੇ ਲੈਣ ਵਾਲਾ ਅਤੇ ਇਸਦਾ ਮਾਲਕ ਫਰਾਰ ਹੋ ਗਿਆ ਹੈ।
ਇਹ ਫੈਕਟਰੀ ਕੈਰਾਨਾ ਕੋਤਵਾਲੀ ਖੇਤਰ ਦੇ ਬਾਈਪਾਸ ਦੇ ਨੇੜੇ ਜੰਗਲ ਵਿੱਚ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਪਾਣੀਪਤ ਦੇ ਰਹਿਣ ਵਾਲੇ ਰਾਸ਼ਿਦ ਨੇ ਇਸ ਜ਼ਮੀਨ ਨੂੰ ਅਚਾਰ ਬਣਾਉਣ ਲਈ ਲੀਜ਼ ‘ਤੇ ਲਿਆ ਹੋਇਆ ਹੈ। ਇਸ ਫੈਕਟਰੀ ਵਿੱਚ ਕੰਮ ਲਗਭਗ 15 ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਚਸ਼ਮਦੀਦਾਂ ਅਨੁਸਾਰ ਫੈਕਟਰੀ ਦੇ ਅੰਦਰ 12 ਮਜ਼ਦੂਰ ਕੰਮ ਕਰ ਰਹੇ ਸਨ। ਜਿੱਥੇ ਅਚਾਨਕ ਧਮਾਕਾ ਹੋਇਆ ਅਤੇ ਪੂਰੀ ਫੈਕਟਰੀ ਢਹਿ-ਢੇਰੀ ਹੋ ਗਈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ 4 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਕੈਰਾਨਾ ਦੇ ਮੁਹੱਲਾ ਆਲਕਲਾ ਦੇ ਵਸਨੀਕ ਇਕਬਾਲ ਦੀ ਅਚਾਰ ਦੀ ਫੈਕਟਰੀ ਕਈ ਸਾਲਾਂ ਤੋਂ ਬੰਦ ਸੀ। ਦੱਸਿਆ ਗਿਆ ਕਿ ਉਸ ਨੇ ਤਕਰੀਬਨ ਡੇਢ ਮਹੀਨਾ ਪਹਿਲਾਂ ਰਸ਼ੀਦ ਨਾਂ ਦੇ ਵਿਅਕਤੀ ਨੂੰ ਫੈਕਟਰੀ ਕਿਰਾਏ ‘ਤੇ ਦਿੱਤੀ ਸੀ। ਧਮਾਕੇ ਤੋਂ ਬਾਅਦ ਹੁਣ ਸਾਹਮਣੇ ਆਇਆ ਹੈ ਕਿ ਫੈਕਟਰੀ ਵਿੱਚ ਪਟਾਖਿਆਂ ਦਾ ਗੈਰਕਾਨੂੰਨੀ ਕੰਮ ਚੱਲ ਰਿਹਾ ਸੀ। ਪੁਲਿਸ ਨੇ ਰਾਸ਼ਿਦ ਨੂੰ ਫੜਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਣਯੋਗ ਹੈ ਕਿ 14 ਸਤੰਬਰ ਨੂੰ ਵੀ ਸ਼ਾਮਲੀ ਵਿਖੇ ਇਕ ਦੁਕਾਨ ਵਿਚ ਧਮਾਕਾ ਹੋਇਆ ਸੀ। ਉਸ ਘਟਨਾ ਤੋਂ ਬਾਅਦ ਵੀ ਸ਼ਾਮਲੀ ਪੁਲਿਸ ਦੀ ਮੁਸਤੈਦੀ ਤੇ ਸਵਾਲ ਖੜ੍ਹੇ ਹੋਏ ਸਨ। ਅੱਜ ਵਾਪਰੀ ਇਸ ਘਟਨਾ ਨਾਲ ਉੱਤਰ ਪ੍ਰਦੇਸ਼ ਪੁਲਿਸ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।