ਪਟਿਆਲਾ: ਪਟਿਆਲਾ ਦੇ ਬਾਦਸ਼ਾਹਪੁਰ ਥਾਣੇ ਵਿੱਚ ਹੋਏ ਧਮਾਕੇ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਤੁਰੰਤ ਮੌਕੇ ‘ਤੇ ਪਹੁੰਚੇ। ਇਹ ਮਾਲਵਾ ਖੇਤਰ ਵਿੱਚ ਹੋਣ ਵਾਲਾ ਆਪਣਾ ਪਹਿਲਾ ਵਾਕਿਆ ਹੈ, ਜਦਕਿ ਇਸ ਤੋਂ ਪਹਿਲਾਂ ਅਜਿਹੇ ਹਮਲੇ ਕੇਵਲ ਮਾਝਾ ਖੇਤਰ ਵਿੱਚ ਹੋਏ ਸਨ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਥਾਣਿਆਂ ‘ਚ ਵਿਸਫੋਟ ਹੋ ਚੁੱਕੇ ਹਨ।
ਜ਼ਬਰਦਸਤ ਧਮਾਕਾ, ਲੋਕਾਂ ਵਿੱਚ ਡਰ ਦਾ ਮਾਹੌਲ
ਧਮਾਕਾ ਬਾਦਸ਼ਾਹਪੁਰ ਥਾਣੇ ਦੇ ਦਫ਼ਤਰ ਵਿੱਚ ਹੋਇਆ, ਜਿਸ ਕਾਰਨ ਨੇੜਲੇ ਰਹਿਣ ਵਾਲੇ ਲੋਕ ਡਰ ਗਏ। ਧਮਾਕਾ ਇੰਨਾ ਤਾਕਤਵਰ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।
ਐਸਐਸਪੀ ਨਾਨਕ ਸਿੰਘ ਮੁਤਾਬਕ, ਧਮਾਕਾ ਦੇਰ ਰਾਤ ਹੋਇਆ , ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਵੱਡੀ ਗੂੰਜ ਵਾਲੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਆਵਾਜ਼ ਡੇਢ ਕਿਲੋਮੀਟਰ ਤੱਕ ਸੁਣੀ ਗਈ, ਪਰ ਜਾਂਚ ਦੌਰਾਨ ਕੋਈ ਸ਼ੱਕੀ ਚੀਜ਼ ਹੱਥ ਨਹੀਂ ਲੱਗੀ।
ਐਸਐਸਪੀ ਨੇ ਗ੍ਰੇਨੇਡ ਜਾਂ ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਫਿਲਹਾਲ ਹਰ ਸੰਭਾਵਿਤ ਕੋਣ ਤੋਂ ਜਾਂਚ ਜਾਰੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਅਸਲ ਵਿੱਚ ਇੱਥੇ ਹੋਇਆ ਕੀ ਸੀ।