ਪਟਿਆਲਾ ‘ਚ ਕਾਲੇ ਅੱਤਵਾਦੀਆਂ ਦਾ ਕਹਿਰ ਸੰਗਰੂਰ ‘ਚ 8 ਤੇ ਪਟਿਆਲਾ ‘ਚ 4 ਦੀ ਮੌਤ, ਸੁਰੱਖਿਆ ਮਿਲਣ ‘ਚ ਅਸਫਲ ਰਹਿਣ ‘ਤੇ ਲੋਕ ਅਦਾਲਤਾਂ ਦੀ ਸ਼ਰਨ ‘ਚ

TeamGlobalPunjab
8 Min Read

ਪਟਿਆਲਾ : ਪੰਜਾਬ ‘ਚ ਅਵਾਰਾ ਪਸ਼ੂਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਤੋਂ ਬਾਅਦ ਪੰਜਾਬ ਦੇ ਲੋਕ ਜਾਗਰੁਕ ਹੋਣੇ ਸ਼ੁਰੂ ਹੋ ਗਏ ਹਨ। ਇਹ ਮੌਤਾਂ ਜਿਆਦਾਤਰ ਸੜਕਾਂ ‘ਤੇ ਘੁੰਮਦੇ ਕਾਲੇ ਰੰਗ ਦੇ ਪਸ਼ੂਆਂ ਕਾਰਨ ਹੋ ਰਹੀਆਂ ਹਨ ਜੋ ਰਾਤ ਦੇ ਹਨੇਰੇ ਵਿੱਚ ਦਿਖਾਈ ਨਹੀਂ ਦਿੰਦੇ ਤੇ ਲੋਕਾਂ ਨੇ ਹੁਣ ਇਨ੍ਹਾਂ ਨੂੰ ਕਾਲੇ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਿੱਥੇ ਇੱਕ ਪਾਸੇ ਸੰਗਰੂਰ ਅੰਦਰ ਲੋਕਾਂ ਨੇ 21 ਮੈਂਬਰੀ ਕਮੇਟੀ ਬਣਾ ਕੇ 9 ਦਿਨ ਤੱਕ ਭੁੱਖ ਹੜਤਾਲ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਅਵਾਰਾ ਪਸ਼ੂ ਚੁੱਕ ਚੁੱਕ ਕੇ ਗਊਸ਼ਾਲਾਵਾਂ ‘ਚ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਕਦਮ ਚੁਕੇ ਜਾਣ ਵਿੱਚ ਫੇਲ੍ਹ ਰਹਿਣ ‘ਤੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਸੰਸਥਾ ਦਾ ਕਹਿਣਾ ਹੈ ਕਿ ਸਰਕਾਰ ਨੇ ਸਿਰਫ ਸਾਲ 2015 ਵਿੱਚ ਹੀ ਗਊ ਸੈਸ ਦਾ 64 ਕਰੋੜ ਰੁਪਇਆ ਆਮ ਜਨਤਾ ਤੋਂ ਉਗਰਾਹਿਆ ਹੈ, ਪਰ ਇਸ ਦੇ ਬਾਵਜੂਦ ਸੜਕਾਂ ‘ਤੇ ਅਵਾਰਾ ਜਾਨਵਰਾਂ ਦੀ ਗਿਣਤੀ ਸੜਕਾਂ ‘ਤੇ ਲਗਾਤਾਰ ਵਧਦੀ ਜਾ ਰਹੀ ਹੈ। ਲਿਹਾਜਾ ਸਰਕਾਰ ਇਹ ਦੱਸੇ ਕਿ ਗਊ ਸੈਸ ਤੋਂ ਇਕੱਠਾ ਕੀਤਾ ਜਾਣ ਵਾਲਾ ਪੈਸਾ ਕਿੱਥੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਸੰਸਥਾ ਨੇ ਇਸੇ ਤਰ੍ਹਾਂ ਦੇ ਹੀ ਨੋਟਿਸ ਡਿਪਟੀ ਕਮਿਸ਼ਨਰ ਅਤੇ ਸੰਗਰੂਰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਵੀ ਭੇਜੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਕੋਈ ਤਸੱਲੀਬਖਸ ਜਵਾਬ ਨਾ ਦਿੱਤੇ ਤਾਂ ਉਹ ਉਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਦਿਆਂ ਕੇਸ ਦਾਇਰ ਕਰਨਗੇ। ਇਸ ਤੋਂ ਇਲਾਵਾ ਪਟਿਆਲਾ ਦੇ ਇੱਕ ਅਜਿਹੇ ਹੀ ਮ੍ਰਿਤਕ ਦੇ ਪਰਿਵਾਰ ਨੇ ਵੀ ਨਗਰ ਨਿਗਮ ਖਿਲਾਫ ਕੇਸ ਦਾਇਰ ਕਰਕੇ 61 ਲੱਖ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਤੇ ਇੱਥੋਂ ਦੇ ਵਕੀਲ ਸੁਖਜਿੰਦਰ ਸਿੰਘ ਰੰਧਾਵਾ ਨੇ ਅਜਿਹੇ ਕੇਸਾਂ ਵਿੱਚ ਮਾਰੇ ਜਾਂਦੇ ਅਤੇ ਜ਼ਖਮੀ ਹੋਣ ਵਾਲੇ ਲੋਕਾਂ ਦੇ ਕੇਸ ਮੁਫਤ ‘ਚ ਲੜਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਸੂਬੇ ਅੰਦਰ ਭਾਵੇਂ ਹਰ ਨਾਗਰਿਕ ਤੋਂ ਗਊਆਂ ਦੀ ਸਾਂਭ ਸੰਭਾਲ ਲਈ ਗਊ ਸੈਸ ਲਿਆ ਜਾਂਦਾ ਹੈ ਪਰ ਫਿਰ ਵੀ ਲਾਵਾਰਿਸ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਪਟਿਆਲਾ ‘ਚ ਵੀ ਇਕ ਇਹੋ ਜਿਹੀ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਇੱਥੋਂ ਦੇ ਇਸ਼ਵਰ ਨਗਰ ‘ਚ ਇੱਕ ਸਾਨ੍ਹ ਨੇ ਟੱਕਰ ਮਾਰ ਕੇ 46 ਸਾਲਾ ਅਮੀਰ ਸਿੰਘ ਨਾਮਕ ਵਿਅਕਤੀ ਨੂੰ ਜਾਨ ਤੋਂ ਮਾਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਅਮੀਰ ਸਿੰਘ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਲਾਇਆ ਸੀ ਅਤੇ ਸ਼ਹਿਰ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਹੁਣ ਪਰਿਵਾਰ ਨੇ ਇਸ ਮਾਮਲੇ ‘ਚ ਇਨਸਾਫ ਲੈਣ ਲਈ ਅਦਾਲਤ ਦੀ ਸ਼ਰਨ ਲਈ ਹੈ ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਤੋਂ ਇਲਾਵਾ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਇਸ ਵਿੱਚ ਪਾਰਟੀ ਬਣਾਇਆ ਗਿਆ ਹੈ। ਇਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ 31 ਅਕਤੂਬਰ ਵਾਲੇ ਦਿਨ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜ਼ਾਰੀ ਕਰ ਦਿੱਤੇ ਹਨ।

ਦੱਸ ਦਈਏ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਤੀ 15 ਜੁਲਾਈ ਨੂੰ ਅਮੀਰ ਸਿੰਘ ਆਪਣਾ ਟਰੱਕ ਖੜ੍ਹਾ ਕਰਕੇ ਆਪਣੇ ਘਰ ਵੱਲ ਵਾਪਸ ਜਾਣ ਲਈ ਸਨੌਰ ਰੋਡ ‘ਤੇ ਸਥਿਤ ਵੱਡੀ ਨਦੀ ਦੇ ਪੁਲ ‘ਤੇ ਖੜ੍ਹਾ ਸੀ। ਇਸ ਦੌਰਾਨ ਇੱਕ ਸਾਨ੍ਹ ਨੇ ਅਮੀਰ ਨੂੰ ਇੰਨੀ ਜੋਰਦਾਰ ਟੱਕਰ ਮਾਰੀ ਕਿ ਉਸ ਦੇ ਫੇਫੜੇ ਹੀ ਫਟ ਗਏ ਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅਮੀਰ ਦੀ ਲਾਸ਼ ਨੂੰ ਸੜਕ ‘ਤੇ ਰੱਖ ਕੇ ਧਰਨਾ ਲਾ ਦਿੱਤਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਹੀ ਧਰਨਾ ਚੁੱਕਿਆ ਗਿਆ।

ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਅਮੀਰ ਸਿੰਘ ਦੀ ਪਤਨੀ ਜਿੰਦਰ ਕੌਰ ਨੇ ਆਪਣੇ ਵਕੀਲ ਸੁਖਜਿੰਦਰ ਸਿੰਘ ਰਾਹੀਂ ਪਟਿਆਲਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ 61 ਲੱਖ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਜਿੰਦਰ ਕੌਰ ਅਨੁਸਾਰ ਅਮੀਰ ਸਿੰਘ ਕਿੱਤੇ ਵਜੋਂ ਇੱਕ ਟਰੱਕ ਡਰਾਇਵਰ ਸੀ ਤੇ ਉਹ ਉਨ੍ਹਾਂ ਦੇ ਪਰਿਵਾਰ ਲਈ ਕਿੰਨਾਂ ਜਰੂਰੀ ਸੀ ਇਹ ਉਨ੍ਹਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਜਿੰਦਰ ਕੌਰ ਨੇ ਤਰਕ ਦਿੱਤਾ ਕਿ ਨਗਰ ਨਿਗਮ ਕਰੋੜਾਂ ਰੁਪਏ ਗਊ ਸੈੱਸ ਦੇ ਨਾਂ ‘ਤੇ ਵਸੂਲਦਾ ਹੈ ਅਤੇ ਇਨ੍ਹਾਂ ਅਵਾਰਾ ਜਾਨਵਰਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਹੈ।

- Advertisement -

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਅੰਦਰ ਪਟਿਆਲਾ ਵਿੱਚ ਲਾਵਾਰਿਸ ਪਸ਼ੂਆਂ ਕਾਰਨ ਅਮੀਰ ਸਮੇਤ 4 ਜਣਿਆਂ ਦੀ ਅਤੇ ਸੰਗਰੂਰ ਵਿੱਚ 8 ਜਣਿਆਂ ਦੀ ਮੌਤ ਹੋ ਚੁਕੀ ਹੈ। ਜਿਸ ਕਾਰਨ ਸੰਗਰੂਰ ਵਿਖੇ  ਜਿੱਥੇ ਲੋਕਾਂ ਨੇ 9 ਦਿਨ ਤੱਕ ਭੁੱਖ ਹੜਤਾਲ ਕੀਤੀ ਤੇ ਵੱਖ ਵੱਖ ਥਾਂਈ ਕੈਂਡਲ ਮਾਰਚ ਕੱਢੇ ਕੇ ਪ੍ਰਸ਼ਾਸਨ ਤੋਂ ਇਨ੍ਹਾਂ ਅਵਾਰਾ ਜਾਨਵਰਾਂ ਦਾ ਕੋਈ ਪੱਕਾ ਹੱਲ ਕੱਢੇ ਜਾਣ ਦੀ ਮੰਗ ਕੀਤੀ, ਉੱਥੇ ਪਟਿਆਲਾ ਵਿਖੇ ਵੀ ਇਹੋ ਜਿਹੇ ਕੈਂਡਲ ਮਾਰਚ ਕੱਢੇ ਗਏ ਸਨ। ਸੰਗਰੂਰ ‘ਚ 9 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਨੇ ਅਵਾਰਾ ਪਸ਼ੂਆਂ ਦੀ ਫੜੋ ਫੜੀ ਵੀ ਸ਼ੁਰੂ ਕਰ ਦਿੱਤੀ ਹੈ। ਲੰਘੇ ਬੁੱਧਵਾਰ ਪ੍ਰਸ਼ਾਸਨ ਨੇ ਰਾਤ ਵੇਲੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ 35 ਲਾਵਾਰਿਸ ਪਸ਼ੂਆਂ ਨੂੰ ਫੜ ਕੇ ਝਨੇੜੀ ਰੋਡ ਸਥਿਤ ਗਊਸ਼ਾਲਾ ਵਿੱਚ ਛੱਡ ਦਿੱਤਾ ਹੈ। ਲਾਵਾਰਿਸ ਪਸ਼ੂਆਂ ਦੇ ਹੱਲ ਲਈ ਸੰਗਰੂਰ ਵਿੱਚ ਸਾਂਝਾ ਮੋਰਚਾ ਵੀ ਬਣਾਇਆ ਗਿਆ ਹੈ ਜਿਸ ਦੇ ਪ੍ਰਧਾਨ ਹਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਤੱਕ ਜਨਤਾ ਇੱਕ ਜੁਟ ਨਹੀਂ ਹੋਵੇਗੀ ਇਸ ਸਬੰਧੀ ਕੋਈ ਹੱਲ ਨਹੀਂ ਨਿੱਕਲੇਗਾ।

ਇੱਧਰ ਦੂਜੇ ਪਾਸੇ ਪਟਿਆਲਾ ਵਿੱਚ ਅਮੀਰ ਸਿੰਘ ਦਾ ਕੇਸ ਲੜਨ ਵਾਲੇ ਵਕੀਲ ਸੁਖਜਿੰਦਰ ਸਿੰਘ ਅਨੰਦ ਨੇ ਐਲਾਨ ਕੀਤਾ ਹੈ ਕਿ ਜੇਕਰ ਪਟਿਆਲਾ ‘ਚ ਕਿਸੇ ਵਿਅਕਤੀ ਦੀ ਅਵਾਰਾ ਪਸ਼ੂਆਂ ਨਾਲ ਹੋਏ ਹਾਦਸੇ ਕਾਰਨ ਮੌਤ ਹੋਈ ਜਾਂ ਕੋਈ ਜ਼ਖਮੀ ਹੁੰਦਾ ਹੈ ਤਾਂ ਇਸ ਵਿੱਚ ਸਰਾਸਰ ਨਗਰ ਨਿਗਮ ਦੀ ਨਾਲਾਇਕੀ ਹੈ ਤੇ ਪੀੜਤ ਇਸ ਦੇ ਖਿਲਾਫ ਅੱਗੇ ਆਉਣ ਤੇ ਉਨ੍ਹਾਂ ਨੁੰ ਮਿਲਣ ਉਹ ਪੀੜਤਾਂ ਦੇ ਕੇਸ ਮੁਫਤ ਲੜਨਗੇ।

ਦੱਸ ਦਈਏ ਕਿ 29 ਫਰਵਰੀ ਸਾਲ 2016 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਬੜਾ ਇਤਿਹਾਸਿਕ ਫੈਸਲਾ ਸੁਣਾਇਆ ਸੀ। ਘਟਨਾ ਅਨੁਸਾਰ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਵਿੱਦਿਆ ਭੂਸ਼ਣ ਜਦੋਂ 1 ਫਰਵਰੀ 2014 ਵਾਲੇ ਦਿਨ ਆਪਣੇ ਮਕਾਨ ਦੀ ਉਸਾਰੀ ਦਾ ਸਮਾਨ ਲੈਣ ਲਈ ਬਾਜ਼ਾਰ ਜਾ ਰਿਹਾ ਸੀ ਤਾਂ ਉਸ ਨੂੰ ਅਵਾਰਾ ਸਾਂਡ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਬਾਅਦ ਵਿੱਚ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਕੇਸ ਵਿੱਚ ਮ੍ਰਿਤਕ ਦੀ ਪਤਨੀ ਸੁਸ਼ਮਾਂ ਰਾਣੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜੀ ਪਾ ਕੇ ਇਨਸਾਫ ਦੀ ਮੰਗ ਕੀਤੀ ਸੀ ਤੇ ਇਸੇ ਕੇਸ ਵਿੱਚ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਪੀੜਤ ਪਰਿਵਾਰ ਨੂੰ 10 ਲੱਖ ਮੁਆਵਜ਼ਾ ਦਿੱਤੇ ਜਾਣ ਦੇ ਹੁਕਮ ਜਾਰੀ ਕੀਤੇ ਸਨ।      

Share this Article
Leave a comment