ਨਿਊਜ਼ ਡੈਸਕ: ਮੌਸਮ ਦੇ ਬਦਲਣ ਕਾਰਨ ਗਲੇ ‘ਚ ਖਰਾਸ਼ ਦੀ ਪਰੇਸ਼ਾਨੀ ਆਮ ਹੈ, ਪਰ ਕੋਰੋਨਾ ਦੇ ਦੌਰ ‘ਚ ਲੋਕਾਂ ਵਲੋਂ ਇਸ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ। ਗਲ਼ੇ ਦੀ ਖ਼ਰਾਸ਼ ਚਾਹੇ ਮਾਮੂਲੀ ਹੋਵੇ ਪਰ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਮੁਸੀਬਤ ਵੀ ਬਣ ਸਕਦੀ ਹੈ। ਅਜਿਹੇ ‘ਚ ਕਾਲੀ ਮਿਰਚ ਦਾ ਕਾੜ੍ਹਾ ਪੀਣ ਨਾਲ ਤੁਸੀਂ ਮਿੰਟਾਂ ‘ਚ ਗਲੇ ਦੀ ਖ਼ਰਾਸ਼ ਤੋਂ ਛੁਟਕਾਰਾ ਪਾ ਸਕਦੇ ਹੋ।
ਕਾਲੀ ਮਿਰਚ ‘ਚ ਕਈ ਪੋਸ਼ਕ ਤੱਤ ਜਿਵੇਂ ਮਿਨਰਲਜ਼, ਵਿਟਾਮਿਨ, ਪ੍ਰੋਟੀਨ, ਫਾਈਬਰ ਅਤੇ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਆਯੁਰਵੇਦ ਅਨੁਸਾਰ ਕਾਲੀ ਮਿਰਚ ਖਾਣ ਨਾਲ ਗਲਾ ਸਾਫ ਹੁੰਦਾ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਕਾਲੀ ਮਿਰਚ ਨੂੰ ਸਾਬਤ ਵੀ ਖਾਇਆ ਜਾ ਸਕਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਸਰਦੀ-ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
ਕਾਲੀ ਮਿਰਚ ਦਾ ਕਾੜ੍ਹਾ ਬਣਾਉਣ ਦੀ ਸਮੱਗਰੀ
-ਅੱਧਾ ਚੱਮਚ ਕਾਲੀ ਮਿਰਚ ਪਾਊਡਰ
– 2 ਤੋਂ 3 ਛੋਟੀ ਇਲਾਇਚੀ
-1 ਚੱਮਚ ਜੀਰਾ
-1 ਚੱਮਚ ਸੌਂਫ
-1 ਚੱਮਚ ਅਜਵਾਇਣ
-1 ਚੱਮਚ ਦਾਲਚੀਨੀ ਪਾਊਡਰ
ਇੰਝ ਬਣਾਓ
2 ਗਲਾਸ ਪਾਣੀ ‘ਚ ਕਾਲੀ ਮਿਰਚ, ਸੌਂਫ, ਦਾਲਚੀਨੀ ਪਾਊਡਰ ਤੇ ਜੀਰਾ ਪਾ ਕੇ 15-20 ਮਿੰਟਾਂ ਤੱਕ ਉਬਾਲੋ ਤੇ ਫਿਰ ਇਸ ‘ਚ ਛੋਟੀ ਇਲਾਇਚੀ ਪਾ ਕੇ ਗੈਸ ਬੰਦ ਕਰੋ। ਇਸ ਨੂੰ ਛਾਣ ਲਓ ਅਤੇ ਠੰਡਾ ਹੋਣ ‘ਤੇ ਘੁੱਟ-ਘੁੱਟ ਕਰਕੇ ਪੀਓ। ਸਵਾਦ ਲਈ ਚਾਹੋ ਤਾਂ ਇਸ ‘ਚ ਸ਼ਹਿਦ ਵੀ ਮਿਲਾ ਸਕਦੇ ਹੋ।