ਨਵੀਂ ਦਿੱਲੀ/ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਐਲਾਨ ਕੀਤਾ ਕਿ ਉਹ ਬੁਰਾੜੀ ਪਾਰਕ ‘ਚ ਨਹੀਂ ਜਾਣਗੇ। ਉਨ੍ਹਾਂ ਆਖਿਆ ਕਿ 500 ਕਿਸਾਨ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਜੋ ਸੱਦਾ ਦਿੱਤਾ ਸੀ ਉਹ ਉਥੇ ਹਰ ਹਾਲਤ ਪਹੁੰਚਣਗੇ ਅਤੇ ਜੇਕਰ ਉਥੇ ਜਾਣ ਤੋਂ ਰੋਕਿਆ ਤਾਂ ਉਹ ਅੱਜ ਦਿੱਲੀ ਦੇ ਬਾਰਡਰ ‘ਤੇ ਹੀ ਧਰਨਾ ਦੇ ਕੇ ਦਿੱਲੀ ਦੇ ਰਸਤੇ ਜਾਮ ਕਰਨਗੇ।
ਉਨ੍ਹਾਂ ਮੰਗ ਕੀਤੀ ਕਿ 500 ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਮਨਜ਼ੂਰੀ ਲਈ ਦਿੱਤੀ ਉਸ ਅਰਜ਼ੀ ਨੂੰ ਤੁਰੰਤ ਮੁੜ ਵਿਚਾਰ ਕੇ ਪ੍ਰਵਾਨਗੀ ਦੇਵੇ ਜਿਸਨੂੰ ਉਸ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਆਖਿਆ ਕਿ ਜੇਕਰ ਉਸਨੇ ਕੱਲ ਤੱਕ ਕਿਸਾਨ ਜਥੇਬੰਦੀਆਂ ਦੀ ਪਹਿਲਾਂ ਦਿੱਤੀ ਅਰਜ਼ੀ ਨੂੰ ਪ੍ਰਵਾਨਗੀ ਨਾਂ ਦਿੱਤੀ ਉਹ ਮੌਕੇ ਤੇ ਅਗਲਾ ਫੈਸਲਾ ਲੈਕੇ ਹਰ ਹਾਲਤ ਦਿੱਲੀ ਦੇ ਜੰਤਰ ਮੰਤਰ ਉਤੇ ਪਹੁੰਚਣਗੇ।
ਦੱਸਣਯੋਗ ਹੈ ਕਿ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦੋ ਲੱਖ ਦੇ ਕਰੀਬ ਕਿਸਾਨਾਂ, ਕਿਸਾਨ ਔਰਤਾਂ, ਬੱਚਿਆਂ ਤੇ ਨੌਜਵਾਨਾਂ ਦਾ ਕਾਫ਼ਲਾ ਦਿੱਲੀ ਵੱਲ ਅੱਗੇ ਵਧ ਰਿਹਾ ਹੈ।