ਬਿਹਾਰ ਵਿਧਾਨ ਸਭਾ ਸਣੇ ਜ਼ਿਮਨੀ ਚੋਣਾਂ ਵਿੱਚ ਵੀ ਰਹੀ ਭਾਜਪਾ ਦੀ ਝੰਡੀ

TeamGlobalPunjab
4 Min Read

ਨਿਊਜ਼ ਡੈਸਕ, (ਅਵਤਾਰ ਸਿੰਘ): ਕੇਂਦਰ ਵਿਚ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਐਨ ਡੀ ਏ ਦੇ ਝੰਡੇ ਹੇਠ ਲੜੀਆਂ ਚੋਣਾਂ ਵਿਚ ਜਿੱਤ ਬਰਕਰਾਰ ਰੱਖਣ ਤੋਂ ਬਾਅਦ ਜ਼ਿਮਨੀ ਚੋਣਾਂ ਵਿੱਚ ਵੀ ਆਪਣੀ ਧਾਂਕ ਜਮਾਈ ਹੈ। ਬਿਹਾਰ ਵਿਚ ਹਾਲਾਂਕਿ ਸਾਬਕਾ ਮੁੱਖ ਮੰਤਰੀ ਲਾਲੁ ਪ੍ਰਸਾਦ ਯਾਦਵ ਦੇ ਪੁੱਤਰ ਦੀ ਅਗਵਾਈ ਵਾਲੀ ਪਾਰਟੀ ਰਾਸ਼ਟਰੀ ਜਨਤਾ ਦਲ ਨੂੰ ਸਭ ਤੋਂ ਵੱਧ ਸੀਟਾਂ ਉਪਰ ਜਿੱਤ ਪ੍ਰਾਪਤ ਹੋਈ ਹੈ ਪਰ ਬਹੁਮਤ ਹੋਣ ਕਰਕੇ ਭਾਜਪਾ ਅਤੇ ਨੀਤੀਸ਼ ਕੁਮਾਰ ਦੀ ਪਾਰਟੀ ਸਰਕਾਰ ਬਣਾਏਗੀ। ਹੁਣ ਤੇਜਸਵੀ ਸਰਕਾਰ ਵਿਚ ਮੁੱਖ ਵਿਰੋਧੀ ਦੀ ਭੂਮਿਕਾ ਨਿਭਾਏਗਾ।

ਰਿਪੋਰਟਾਂ ਮੁਤਾਬਿਕ ਸੱਤਾ ‘ਤੇ ਕਾਬਜ਼ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਅੱਠ ਸੀਟਾਂ ਜਿੱਤ ਲਈਆਂ ਹਨ। 3 ਨਵੰਬਰ ਨੂੰ ਵੱਖ ਵੱਖ ਸੂਬਿਆਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਸਨ। ਭਾਜਪਾ ਨੇ ਗੁਜਰਾਤ ਵਿਧਾਨ ਸਭਾ ਦੀਆਂ ਅੱਠ ਸੀਟਾਂ ਅਬਡਾਸਾ, ਲਿੰਬੜੀ, ਮੋਰਬੀ, ਧਾਰੀ, ਗੜਦਾ, ਕਰਜਨ, ਡਾਂਗ ਅਤੇ ਕਪਰਾੜਾ ਸੀਟਾਂ ਜਿੱਤ ਲਈਆਂ ਹਨ। 182 ਵਿਧਾਨ ਸਭਾ ਸੀਟਾਂ ਵਾਲੀ ਵਜ਼ਾਰਤ ਵਿੱਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਹੁਣ 111 ਹੋ ਗਈ ਹੈ। ਗੁਜਰਾਤ ਕਾਂਗਰਸ ਪ੍ਰਧਾਨ ਅਮਿਤ ਚਾਵੜਾ ਦਾ ਕਹਿਣਾ ਹੈ ਕਿ ਪਾਰਟੀ ਨੇ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕੀਤਾ। ਪਰ ਉਨ੍ਹਾਂ ਇਲਜ਼ਾਮ ਵੀ ਲਾਇਆ ਕਿ ਇਹ ਪਾਰਟੀ ਦੀਆਂ ਉਨ੍ਹਾਂ ਉਮੀਦਾਂ ਤੋਂ ਬਿਲਕੁਲ ਉਲਟ ਹੈ ਕਿ ਵੋਟਰ ‘ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਅਤੇ ਬਾਹੂਬਲ ਵਿੱਚ ਸ਼ਾਮਲ ਭਾਜਪਾ ਨੂੰ ਸਬਕ ਸਿਖਾਉਣਗੇ। ਭਾਜਪਾ ਦੇ ਆਗੂਆਂ ਨੇ ਕਾਂਗਰਸ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਕਿਹਾ ਕਿ ਵੋਟਰਾਂ ਨੇ ਕਾਂਗਰਸ ਦੀ ਨਾਂਹ-ਪੱਖੀ ਮੁਹਿੰਮ ਨੂੰ ਰੱਦ ਕਰ ਦਿੱਤਾ ਹੈ।

ਇਸੇ ਤਰ੍ਹਾਂ ਭਾਜਪਾ ਨੇ ਕਰਨਾਟਕ ਦੀਆਂ ਦੋ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਸਿਰਾ ਅਤੇ ਰਾਜਾਰਾਜੇਸ਼ਵਰੀ ਨਗਰ ਵਿੱਚ ਜਿੱਤ ਹਾਸਲ ਕਰ ਲਈ ਹੈ। ਭਾਜਪਾ ਨੇ ਟੁਮਕੁਰੂ ਜ਼ਿਲ੍ਹੇ ਦੀ ਸਿਰਾ ਵਿਧਾਨ ਸਭਾ ਸੀਟ ’ਤੇ ਪਹਿਲੀ ਵਾਰ ਜਿੱਤ ਹਾਸਲ ਕਰਕੇ ਇਤਿਹਾਸ ਰਚਿਆ। ਉਧਰ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਗੱਠਜੋੜ ਨੇ ਝਾਰਖੰਡ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਦੁਮਕਾ ਅਤੇ ਬਰਮੋ ਸੀਟਾਂ ਜਿੱਤ ਲਈਆਂ ਹਨ। ਮੁੱਖ ਮੰਤਰੀ ਹੇਮੰਤ ਸੋਰੇਨੇ ਦੇ ਛੋਟੇ ਭਰਾ ਅਤੇ ਜੇਐੱਮਐੱਮ ਦੇ ਉਮੀਦਵਾਰ ਬਸੰਤ ਸੋਰੇਨ ਨੇ ਦੁਮਕਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਲੂਇਸ ਮਰਾਂਡੀ ਨੂੰ ਹਰਾ ਦਿੱਤਾ ਹੈ।

ਦੂਜੇ ਪਾਸੇ ਛੱਤੀਸਗੜ੍ਹ ਦੀ ਮਰਵਾਹੀ ਵਿਧਾਨ ਸਭਾ ਸੀਟ ਲਈ ਸੱਤਾਧਾਰੀ ਕਾਂਗਰਸ ਨੇ ਜਿੱਤ ਦਰਜ ਕੀਤੀ। ਕਾਂਗਰਸ ਦੇ ਉਮੀਦਵਾਰ ਨੇ ਭਾਜਪਾ ਦੇ ਉਮੀਦਵਾਰ ਨੂੰ 38,197 ਵੋਟਾਂ ਨਾਲ ਹਰਾਇਆ। ਭਾਜਪਾ ਦੇ ਉਮੀਦਵਾਰ ਐੱਮ ਰਘੂਨੰਦਨ ਰਾਓ ਨੇ ਤਿਲੰਗਾਨਾ ਵਿੱਚ ਦੁੱਬਾਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਮਨੀਪੁਰ ਵਿੱਚ ਪੰਜ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਦੋ ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਸੱਤਾਧਾਰੀ ਭਾਜਪਾ ਨੇ ਮੱਧ ਪ੍ਰਦੇਸ਼ ਲਈ 28 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ 16 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਹੈ। ਦੂਜੇ ਪਾਸੇ ਕਾਂਗਰਸ ਹੁਣ ਤੱਕ 5 ਸੀਟਾਂ ’ਤੇ ਜਿੱਤ ਹਾਸਲ ਕਰ ਚੁੱਕੀ ਹੈ। ਉੱਤਰ ਪ੍ਰਦੇਸ਼ ਵਿੱਚ ਸੱਤ ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 6 ਅਤੇ ਸਮਾਜਵਾਦੀ ਪਾਰਟੀ ਨੇ 1 ਸੀਟ ਜਿੱਤ ਲਈ ਹੈ। ਨਾਗਾਲੈਂਡ ਵਿਧਾਨ ਸਭਾ ਜ਼ਿਮਨੀ ਚੋਣ ਦੀ ਇੱਕੋ-ਇੱਕ ਸੀਟ ਸੱਤਾਧਾਰੀ ਪਾਰਟੀ ਐੱਨਡੀਪੀਪੀ ਨੇ ਜਿੱਤ ਹਾਸਲ ਕਰ ਲਈ ਹੈ।

- Advertisement -

ਨਗਰ ਨਿਗਮ: ਰਾਜਧਾਨੀ ਜੈਪੁਰ ਅਤੇ ਤਿੰਨ ਪ੍ਰਮੁੱਖ ਸ਼ਹਿਰਾਂ ਵਿੱਚ ਛੇ ਨਗਰ ਨਿਗਮਾਂ ਦੇ ਮੇਅਰਾਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਚਾਰ ਨਿਗਮਾਂ ਵਿੱਚ ਆਪਣੇ ਮੇਅਰ ਬਣਾਉਣ ਵਿੱਚ ਸਫਲ ਰਹੀ, ਜਦਕਿ ਦੋ ਨਗਰ ਨਿਗਮਾਂ ਵਿੱਚ ਭਾਜਪਾ ਦੇ ਉਮੀਦਵਾਰ ਜਿੱਤੇ ਹਨ। ਕੌਂਸਲਰਾਂ ਨੇ ਜੈਪੁਰ, ਜੋਧਪੁਰ ਅਤੇ ਕੋਟਾ ਵਿੱਚ ਛੇ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਲਈ ਵੋਟਾਂ ਪਾਈਆਂ ਸਨ।

Share this Article
Leave a comment