ਪੱਛਮੀ ਬੰਗਾਲ : ਸੂਬੇ ਵਿਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦਰਮਿਆਨ ਘਮਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਕ ਵਾਰ ਮੁੜ ਤੋਂ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵੱਲੋਂ ਬੀਜੇਪੀ ਦੇ ਵਰਕਰਾਂ ਦੇ ‘ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਹਾਵੜਾ ਵਿੱਚ ਵਾਪਰੀ ਹੈ। ਇਸ ਸਬੰਧੀ ਬੀਜੇਪੀ ਦੇ ਇੱਕ ਲੀਡਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੰਡਲ ਪ੍ਰਧਾਨ ਮਨੋਜ ਸਿੰਘ ‘ਤੇ ਕੁਝ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਇਸ ਦੀ ਸ਼ਿਕਾਇਤ ਕਰਨ ਦੇ ਲਈ ਅਸੀਂ ਪੁਲਿਸ ਸਟੇਸ਼ਨ ਜਾਣ ਲੱਗੇ ਤਾਂ ਰਸਤੇ ਵਿੱਚ 15-20 ਹੋਰ ਲੋਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਇਕ ਵਰਕਰ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਜੇਕਰ ਟੀਐਮਸੀ ਇਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ ਤਾਂ ਉਸ ਦੀ ਭਾਸ਼ਾ ਵਿੱਚ ਅਸੀਂ ਜਵਾਬ ਦੇਣਾ ਜਾਣਦੇ ਹਾਂ।
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਮੁੜ ਤੋਂ ਬੀਜੇਪੀ ਸਰਕਾਰ ‘ਤੇ ਤੰਜ ਕੱਸੇ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਚਾਰ ਰੋਟੇਟਿੰਗ ਰਾਜਧਾਨੀਆਂ ਹੋਣੀਆਂ ਚਾਹੀਦੀਆਂ ਹਨ। ਮਮਤਾ ਬੈਨਰਜੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਯੰਤੀ ਮੌਕੇ ਆਪਣੇ ਲੀਡਰਾਂ ਅਤੇ ਵਰਕਰਾਂ ਵਿਚ ਜੋਸ਼ ਭਰਨ ਦੇ ਲਈ ਇਕ ਵਿਸ਼ਾਲ ਮਾਰਚ ਕੱਢਿਆ ਸੀ। ਜਿਸ ਦੌਰਾਨ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ‘ਤੇ ਘਟੀਆ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ।