ਗੁਹਾਟੀ : ਅਸਾਮ ਵਿਧਾਨ ਸਭਾ ਚੋਣਾਂ 2026 ਤੋਂ ਪਹਿਲਾਂ ਹਿਮੰਤ ਬਿਸਵਾ ਸਰਮਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਗੁਹਾਟੀ ਵਿੱਚ ਜਾਰੀ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਸੂਬਾ ਭਾਜਪਾ ਪ੍ਰਧਾਨ ਦਿਲੀਪ ਸੈਕੀਆ ਵੀ ਮੌਜੂਦ ਸਨ।
ਚੋਣ ਮੈਨੀਫੈਸਟੋ ਵਿੱਚ 31 ਮੁੱਖ ਵਾਅਦੇ ਸ਼ਾਮਲ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਅਸਾਮ ਨੂੰ ਸਭ ਤੋਂ ਵਧੀਆ ਰਾਜ ਬਣਾਉਣਾ ਹੈ। ਉਨ੍ਹਾਂ ਨੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਕਰਨ ਅਤੇ ਕਥਿਤ ਲਵ ਜੇਹਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵੀ ਵਾਅਦਾ ਕੀਤਾ।
ਇਸ ਤੋਂ ਇਲਾਵਾ, ਔਰਤਾਂ ਲਈ ਅਰੁਣੋਦੋਈ ਯੋਜਨਾ ਤਹਿਤ ਹਰ ਮਹੀਨੇ ਮਿਲਣ ਵਾਲੀ ਰਾਸ਼ੀ ₹1250 ਤੋਂ ਵਧਾ ਕੇ ₹3,000 ਕਰਨ ਦਾ ਵਾਅਦਾ ਕੀਤਾ ਗਿਆ ਹੈ। ਲਖਪਤੀ ਦੀਦੀ ਯੋਜਨਾ ਦੇ ਤਹਿਤ 40 ਲੱਖ ਔਰਤਾਂ ਨੂੰ ₹25,000 ਤੱਕ ਦੀ ਸਹਾਇਤਾ ਦੇਣ, ਨੌਜਵਾਨਾਂ ਨੂੰ 5 ਸਾਲਾਂ ਵਿੱਚ 2 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ 2 ਲੱਖ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ, ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ, ਇੱਕ ਯੂਨੀਵਰਸਿਟੀ ਅਤੇ ਇੱਕ ਇੰਜੀਨੀਅਰਿੰਗ ਕਾਲਜ ਸਥਾਪਤ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਸੂਬੇ ਨੂੰ ਹੜ੍ਹ ਮੁਕਤ ਬਣਾਉਣ ਲਈ 18,000 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਜਪਾ ਨੇ ਅਸਾਮ ਵਿੱਚ ਪਿਛਲੇ ਦਸ ਸਾਲਾਂ ਵਿੱਚ ਜੋ ਵਿਕਾਸ ਕਾਰਜ ਕੀਤੇ ਹਨ, ਉਹ ਕਾਂਗਰਸ 60 ਸਾਲਾਂ ਵਿੱਚ ਨਹੀਂ ਕਰ ਸਕੀ। ਭਾਜਪਾ ਦਾ ਚੋਣ ਮਨੋਰਥ ਪੱਤਰ ਅਸਾਮ ਲਈ ਇੱਕ ਦਹਾਕੇ ਦੀ ਪਰਿਵਰਤਨ ਯਾਤਰਾ ‘ਤੇ ਅਧਾਰਿਤ ਹੈ, ਜਿਸ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ ਅਤੇ ਰੁਜ਼ਗਾਰ ਸਮੇਤ ਸਾਰੇ ਖੇਤਰਾਂ ਵਿੱਚ ਕੀਤੇ ਗਏ ਠੋਸ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਅਸਾਮ ਦੇ ਜੋਰਹਾਟ ਪਹੁੰਚੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਅਸਾਮ ਵਿੱਚ ਹੈਟ੍ਰਿਕ ਲਗਾਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਭਾਜਪਾ ਅਸਾਮ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਕੇ ਜਿੱਤ ਹਾਸਲ ਕਰੇਗੀ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੰਮ ਕੀਤਾ ਹੈ, ਉਸ ਨੂੰ ਦੇਖਦੇ ਹੋਏ ਇਸ ਵਾਰ ਅਸਾਮ ਵਿੱਚ ਇੱਕ ਬਹੁਤ ਹੀ ਸਕਾਰਾਤਮਕ ਲਹਿਰ ਦੇਖੀ ਜਾ ਸਕਦੀ ਹੈ। ਭਾਜਪਾ ਅਸਾਮ ਵਿੱਚ ਜ਼ਬਰਦਸਤ ਜਿੱਤ ਦਰਜ ਕਰੇਗੀ।”

