ਸੁਖਬੀਰ ਬਾਦਲ ਨੇ ਬੀਜੇਪੀ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’

TeamGlobalPunjab
5 Min Read

ਬਠਿੰਡਾ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਅੱਜ ਮੋਦੀ ਸਰਕਾਰ ਤੇ ਧਰਮ ਦੇ ਨਾਮ ਹੇਠ ਭਰਾਵਾਂ ’ਚ ਵੰਡੀਆਂ ਪਾਉਣ ਦੇ ਦੋਸ਼ ਲਾਏ। ਅੱਜ ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਛੋਟੇ ਬਾਦਲ ਨੇ ਕਿਸਾਨਾਂ ਦੀ ਵਡਿਆਈ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਨਿਸ਼ਾਨੇ ਤੇ ਦੱਸਿਆ। ਉਹਨਾਂ ਮੋਦੀ ਸਰਕਾਰ ਨੂੰ ਹੰਕਾਰੀ ਰਵਈਏ ਦੀ ਧਾਰਨੀ ਕਰਾਰ ਦਿੰਦਿਆਂ ਕਿਸਾਨਾਂ ਦੀ ਗੱਲ ਸੁਣਨ ਦੀ ਨਸੀਹਤ ਵੀ ਦਿੱਤੀ ਅਤੇ ਆਪਣੀ ਰਿਵਾਇਤੀ ‘ਕੁਰਬਾਨੀ’ ਦਾ ਵੀ ਜਿਕਰ ਕੀਤਾ। ਬਾਦਲ ਨੇ ਦਾਅਵਾ ਕੀਤਾ ਕਿ ਭਾਰਤੀ ਜੰਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਖੇਤੀ ਕਾਨੂੰਨਾਂ ਖਿਲਾਫ ਹਨ ਪਰ ਉਹ ਪਾਰਟੀ ਡਰੋਂ ਬੋਲ ਨਹੀਂ ਰਹੇ।

ਉਹਨਾਂ ਆਖਿਆ ਕਿ ਜਿਹਨਾਂ ਨੇ ਖੇਤੀ ਕਾਨੂੰਨ ਬਣਵਾਏ ਹਨ ਉਹਨਾਂ ਨੇ ਕਦੇ ਖੇਤੀ ਹੀ ਨਹੀਂ ਕੀਤੀ ਹੈ । ਉਹਨਾਂ ਆਖਿਆ ਕਿ ਖੇਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਹੀਂ ਕੀਤੀ ਜਿਸ ਕਰਕੇ ਉਹ ਕਿਸਾਨਾਂ ਦੀ ਭਾਵਨਾ ਨੂੰ ਕਿਵੇਂ ਸਮਝ ਸਕਦੇ ਹਨ। ਉਹਨਾਂ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬੀਜੇਪੀ ’ਚ ਖੇਤੀ ਕਰਨ ਵਾਲਿਆਂ ਦੀ ਸਲਾਹ ਲੈਕੇ ਕਦਮ ਚੁੱਕਣ।ਉਹਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਮੁਲਕ ਨੂੰ ਧਰਮ ਦੇ ਨਾਮ ਹੇਠ ਵੰਡਣ ਦੇ ਯਤਨ ਕਰ ਰਹੀ ਹੈ। ਉਹਨਾਂ ਆਖਿਆ ਕਿ ਜੋ ਵੀ ਮੋਦੀ ਸਰਕਾਰ ਖਿਲਾਫ ਬੋਲਦਾ ਹੈ ਉਸ ਨੂੰ ‘ਟੁਕੜੇ ਟੁਕੜੇ ਗੈਂਗ’ ਦਾ ਖਿਤਾਬ ਦੇਕੇ ਦੋਸ਼ ਧਰੋਹੀ ਕਰਾਰਿਆ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਸਹੀ ਮਾਇਨਿਆਂ ’ਚ ‘ਟੁਕੜੇ ਟੁਕੜੇ ਗੈਂਗ’ ਬੀਜੇਪੀ ਹੈ ਜਿਸ ਨੇ ਪਹਿਲਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜਿਆ ਕੀਤੇ ਅਤੇ ਹੁਣ ਹਿੰਦੂ ਸਿੱਖਾਂ ਨੂੰ ਪਾੜਨ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਬੀਜੇਪੀ ਦੇਸ਼ ਨੂੰ ਬਚਾਉਣ ਦੀ ਥਾਂ ਤੋੜਨ ਅਤੇ ਭਾਈਚਾਰਕ ਲਸਾਂਝ ਖਤਮ ਕਰਨ ਵਾਲੇ ਗਲਤ ਰਸਤੇ ਤੇ ਚੱਲ ਪਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਬੀਜੇਪੀ ਦੀਆਂ ਕੋਸ਼ਿਸ਼ਾਂ ਖਿਲਾਫ ਅਕਾਲੀ ਦਲ ਹਰ ਕੁਰਬਾਨੀ ਦੇਵੇਗਾ। ਉਹਨਾਂ ਕਿਹਾ ਕਿ ਪੰਜਾਬ ਭਾਈਚਾਰੇ ਅਤੇ ਅਮਨ ਸ਼ਾਂਤੀ ਬਗੈਰ ਤਰੱਕੀ ਨਹੀਂ ਕਰ ਸਕਦਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਬੀਜੇਪੀ ਛੋਟੀ ਗੱਲ ਪਿੱਛੇ ਭਰਾਵਾਂ ਨੂੰ ਨਾਂ ਲੜਾਏ ਕਿਉਂਕਿ ਜੋ ਦਿੱਲੀ ਕਿਸਾਨ ਬੈਠੇ ਹਨ ਉਹ ਦੇਸ਼ ਭਗਤ ਹਨ ਅੱਤਵਾਦੀ ਨਹੀਂ।

ਉਹਨਾਂ ਅੱਜ ਵੀ ਆਖਿਆ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਉਹਨਾਂ ਨੂੰ ਗੁਮਰਾਹ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੀਜੇਪੀ ਨੇ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਸੀ ਪਰ 35 ਸਾਲ ਪੁਰਾਣੇ ਭਾਈਵਾਲ ਦੀ ਪਿੱਠ ’ਚ ਛੁਰਾ ਮਾਰਿਆ ਗਿਆ ਹੈ। ਉਹਨਾਂ ਆਖਿਆ ਕਿ ਇਸੇ ਕਰਕੇ ਪਾਰਟੀ ਨੇਂ ਕਿਸਾਨਾਂ ਨਾਲ ਖਲੋਣ ਨੂੰ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਵੇਲੇ ਬੀਜੇਪੀ ਦੇ ਸੰਸਦ ਮੈਂਬਰਾਂ ਨੇ ਸਭ ਤੋਂ ਵੱਧ ਵਧਾਈ ਦਿੱਤੀ ਸੀ। ਕਾਂਗਰਸ ਦੇ ਧਰਨੇ ਸਬੰਧੀ ਸਵਾਲ ਦੇ ਜਵਾਬ ’ਚ ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੀ ਫਰਾਡ ਕਾਂਗਰਸ ਹੈ ਜਿਸ ਨੇ ਖੇਤੀ ਕਾਨੂੰਨ ਬਨਵਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ।

ਉਹਨਾਂ ਦੱਸਿਆ ਕਿ ਖੇਤੀ ਕਾਨੂੰਨਾਂ ਵਾਸਤੇ ਪੰਜ ਮੁੱਖ ਮੰਤਰੀ ਦੀ ਕਮੇਟੀ ਬਣਾਈ ਗਈ ਸੀ ਜਿਸ ਚੋਂ ਪੰਜਾਬ ਨੂੰ ਬਾਹਰ ਰੱਖਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਸ਼ਾਮਲ ਨਾਂ ਕਰਨ ਬਾਰੇ ਇਤਰਾਜ ਜਤਾਉਂਦਿਆਂ ਕੇਂਦਰ ਨੂੰ ਪੱਤਰ ਲਿਖਿਆ ਸੀ। ਉਹਨਾਂ ਆਖਿਆ ਕਿ ਅਕਾਲੀ ਦਲ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ,ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰ ਸਕਦਾ ਹੈ ਜਿਸ ਨਹੀ ਗੱਲਬਾਤ ਵੀ ਚੱਲ ਰਹੀ ਹੈ। ਓਧਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ, ਸਰਕਲ ਪ੍ਰਧਾਨਾਂ ਤੇ ਕੌਸਲਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਨਗਰ ਨਿਗਮ ਚੋਣਾਂ ਸਮੇਤ ਵੱਖ ਵੱਖ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ।

ਉਹਨਾਂ ਅੱਜ ਕਾਂਗਰਸ ਚੋਂ ਅਸਤੀਫਾ ਦੇਣ ਵਾਲੇ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ,ਸਾਬਕਾ ਕੌਸਲਰ ਬੀਬੀ ਸ਼ਿੰਦਰ ਕੌਰ ਸਿੱਧੂ, ਬੀਜੇਪੀ ਆਗੂ ਦਲਜੀਤ ਰੋਮਾਣਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਮਹੇਸ਼ਵਰੀ ਨੂੰ ਅਕਾਲੀ ਦਲ ’ਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ।ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੋ ਇਲਾਵਾ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ,ਬੁਲਾਰੇ ਚਮਕੌਰ ਸਿੰਘ ਮਾਨ,ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ ਅਤੇ ਇਕਬਾਲ ਸਿੰਘ ਬਬਲੀ ਢਿੱਲੋ ਸਮੇਤ ਪਾਰਟੀ ਦੇ ਕੌਂਸਲਰ ਤੇ ਹੋਰ ਆਗੂ ਹਾਜਰ ਸਨ ।

Share This Article
Leave a Comment