ਚੇਨਈ: ਤਾਮਿਲਨਾਡੂ ਦੇ ਕੁਨੂਰ ਦੇ ਜੰਗਲਾਂ ਵਿੱਚ ਬੁੱਧਵਾਰ ਨੂੰ ਫੌਜ ਦਾ ਇੱਕ MI-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਸੰਘਣੇ ਜੰਗਲਾਂ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ ਫੌਜ ਦੇ 14 ਅਧਿਕਾਰੀ ਸਵਾਰ ਸਨ।
ਘਟਨਾ ਸਥਾਨ ਤੋਂ ਹੁਣ ਤਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਗੱਲ ਦੀ ਪੁਸ਼ਟੀ ਹਵਾਈ ਫ਼ੌਜ ਨੇ ਵੀ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਫ਼ੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਦੱਸਿਆ ਗਿਆ ਕਿ ਜਨਰਲ ਰਾਵਤ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ, ਹਾਲਾਂਕਿ ਉਨ੍ਹਾਂ ਦੀ ਹਾਲਤ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕੁਝ ਸਮੇਂ ਬਾਅਦ ਸੰਸਦ ‘ਚ ਇਸ ‘ਤੇ ਬਿਆਨ ਦੇਣਗੇ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਰਲ ਬਿਪਿਨ ਰਾਵਤ ਗੰਭੀਰ ਰੂਪ ਵਿਚ ਜ਼ਖਮੀ ਹਨ।