ਸਾਬਕਾ ਵਿਧਾਇਕ ਮਨਜੀਤ ਮੰਨਾ ’ਤੇ ਕਾਤਲਾਨਾ ਹਮਲੇ ਦੀ ਮਜੀਠੀਆ ਨੇ ਕੀਤੀ ਜ਼ੋਰਦਾਰ ਨਿਖੇਧੀ

TeamGlobalPunjab
5 Min Read

ਅੰਮ੍ਰਿਤਸਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਮੰਨਾ ’ਤੇ ਹੋਏ ਕਾਤਲਾਨਾ ਹਮਲੇ ਅਤੇ ਸੂਬਾ ਪੁਲਿਸ ਵੱਲੋਂ ਘਟਨਾ ਵਾਪਰਨ ਦੇ ਤਿੰਨ ਦਿਨ ਬਾਅਦ ਵੀ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਕਾਰਨ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੋ ਗਈ ਹੈ।

ਇਥੇ ਮਨਜੀਤ ਸਿੰਘ ਮੰਨਾ ਨਾਲ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਮੰਨਾ ’ਤੇ ਉਸਦੇ ਘਰ ਦੇ ਸਾਹਮਣੇ ਹਮਲਾ ਕੀਤਾ ਗਿਆ ਤੇ ਕਾਂਗਰਸੀ ਗੁੰਡਿਆਂ ਨੇ ਅਕਾਲੀ ਆਗੂ ਨੂੰ ਮਾੜਾ ਚੰਗਾ ਕਹਿਣ ਤੋਂ ਬਾਅਦ ਉਹਨਾਂ ’ਤੇ ਗੋਲੀਆਂ ਵਰ੍ਹਾ ਦਿੱਤੀਆਂ ਤੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਲਈ ਵੰਗਾਰਿਆ। ਉਹਨਾਂ ਕਿਹਾ ਕਿ ਇਸ ਕਾਤਲਾਨਾ ਹਮਲੇ ਨੂੰ ਤਿੰਨ ਦਿਨ ਬੀਤ ਚੁੱਕੇ ਹਨ। ਹਮਲਾਵਰਾਂ ਦੀ ਪਛਾਣ ਬਦਨਾਮ ਬਦਮਾਸ਼ ਸਰਬਜੀਤ ਸਿੰਘ ਸੱਬਾ ਵਜੋਂ ਹੋਈ ਹੈ ਜਿਸ ਖਿਲਾਫ ਅਗਵਾਕਾਰੀ, ਫਿਰੌਤੀ ਤੇ ਚੋਰੀਆਂ ਦੇ ਅਨੇਕਾਂ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਹਾਲੇ ਵੀ ਸੱਬਾ ਤੇ ਉਸਦੇ ਸਾਥੀਆਂ ਨੂੰ ਪੁਲਿਸ ਇਸ ਕਰ ਕੇ ਗ੍ਰਿਫਤਾਰ ਨਹੀਂ ਕਰ ਰਹੀ ਕਿ ਕਿਉਂਕਿ ਸਥਾਨਕ ਪੁਲਿਸ ਬਾਬਾ ਬਕਾਲਾ ਤੋਂ ਕਾਂਗਰਸੀ ਵਿਧਾਇਕ ਦੇ ਦਬਾਅ ਹੇਠ ਹੈ ਕਿ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕਰਨੀ।

ਮਜੀਠੀਆ ਨੇ ਕਿਹਾ ਕਿ ਬਾਬਾ ਬਕਾਲਾ ਦੇ ਪਿੰਡ ਮੀਆਂਵਿੰਡ ਵਿਚ ਗੋਲੀਬਾਰੀ ਜਿਸ ਵਿਚ ਮਨਜੀਤ ਮੰਨਾ ਨੂੰ ਨਿਸ਼ਾਨਾ ਬਣਾਇਆ ਗਿਆ, ਪੰਜਾਬ ਦੀਆਂ ਜੇਲ੍ਹਾਂ ਵਿਚ ਨਾਮੀ ਗੈਂਗਸਟਰਾਂ ਨੂੰ ਸਰਕਾਰੀ ਮਹਿਮਾਨ ਬਣਾ ਕੇ ਰੱਖਣ ਦੀ ਕੀਤੀ ਪੁਸ਼ਤ ਪਨਾਹੀ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਗੈਂਗਸਟਰਾਂ ਦੀ ਇਸ ਕਰ ਕੇ ਤੁਸ਼ਟੀ ਕਰਦੀ ਹੈ ਤਾਂ ਜੋ ਕਿ ਉਹਨਾਂ ਨੂੰ ਸਿਆਸੀ ਬਦਲਾਖੋਰੀ ਵਾਸਤੇ ਵਰਤਿਆ ਜਾ ਸਕੇ ਪਰ ਇਸਦਾ ਸੂਬੇ ਦੀ ਅਮਨ ਕਾਨੂੰਨ ਵਿਵਸਥਾ ’ਤੇ ਮਾਰੂ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਸ਼ਰ੍ਹੇਆਮ ਗੋਲੀਆਂ ਚਲਾ ਕੇ ਸੋਸ਼ਲ ਮੀਡੀਆ ’ਤੇ ਆਪਣੇ ਕਾਰਨਾਮਿਆਂ ਦੇ ਦਾਅਵੇ ਕਰਦੇ ਫਿਰਦੇ ਹਨ।

ਮਜੀਠੀਆ ਨੇ ਕਾਂਗਰਸ ਨੂੰ ਆਪਣੀਆਂ ਤਰਜੀਹਾਂ ਮੁੜ ਤੋਂ ਤੈਅ ਕਰਨ ਲਈ ਆਖਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਵਿਚ ਦਰਿਆਈ ਪਾਣੀਆਂ ਦੇ ਮਸਲੇ ਹੀ ਸਹੀ ਤਰੀਕੇ ਪੈਰਵਈ ਕਰਨ ਦੀ ਥਾਂ ਕਾਂਗਰਸ ਸਰਕਾਰ ਇਕ ਚੋਟੀ ਦੇ ਵਕੀਲ ਨੂੰ 50 ਲੱਖ ਰੁਪਏ ਇਸ ਕਰ ਕੇ ਦੇ ਰਹੀ ਹੈ ਤਾਂ ਜੋ ਉੱਤਰ ਪ੍ਰਦੇਸ਼ ਦੇ ਗੈਂਗਸਟਰ ਨੁੰ ਵਾਪਸ ਉਸਦੇ ਪਿੱਤਰੀ ਰਾਜ ਨਾ ਭੇਜਿਆ ਜਾ ਸਕੇ। ਉਹਨਾਂ ਕਿਹਾ ਕਿ ਗੈਂਗਸਟਰ ਨੂੰ ਸਿਰਫ ਇਸ ਕਰ ਕੇ ਪੰਜਾਬ ਵਿਚ ਰੱਖਿਆ ਜਾ ਰਿਹਾ ਹੈ ਤਾਂ ਜੋ ਉਸਦੀ ਦੁਰਵਰਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਦੀ ਵੀ ਵੀ ਆਈ ਪੀ ਮਹਿਮਾਨਵਾਜ਼ੀ ਕੀਤੀ ਸੀ ਤੇ ਜੇਲ੍ਹ ਮੰਤਰੀ ਇਕ ਹੋਰ ਨਾਮੀ ਗੈਂਗਸਟਰ ਤੋਂ ਜੇਲ੍ਹ ਪ੍ਰਸ਼ਾਸਨ ਕਿਵੇਂ ਚਲਾਇਆ ਜਾਵੇ ਇਸ ਬਾਰੇ ਰਾਇ ਲੈ ਕੇ ਬਹੁਤ ਖੁਸ਼ ਹਨ।

- Advertisement -

ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਆਪਣੇ ਮਨ ਦੀ ਗੱਲ ਕੀਤੀ ਤੇ ਸੂਬੇ ਵਿਚ ਰੇਤ ਤੇ ਸ਼ਰਾਬ ਮਾਫੀਆ ਦਾ ਸੱਚ ਦੱਸਿਆ ਤੇ ਇਹ ਵੀ ਦੱਸਿਆ ਕਿ ਸੂਬੇ ਦੇ ਲੋਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਂ ’ਤੇ ਵੋਟ ਨਹੀਂ ਪਾਉਣਗੇ।

ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵੀ ਇਹ ਸਾਬਤ ਕਰ ਦਿੰਤਾ ਹੈ ਕਿ ਉਹਨਾਂ ਨੂੰ ਰਾਜਪਾਲ ਦੇ ਭਾਸ਼ਣ ਵਿਚ ਕੋਈ ਵਿਸ਼ਵਾਸ ਨਹੀਂ ਹੈ ਤੇ ਇਸੇ ਲਈ ਉਹਨਾਂ ਨੇ ਉਸੇ ਦਿਨ ‘ਧਰਨਾ’ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਜਾਖੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਜਿਵੇਂ ਜਿਵੇਂ ਕੇਂਦਰ ਸਰਕਾਰ ਪੈਟਰੋਲੀਅਤ ਪਦਾਰਥਾਂ ਦੀਆ ਕੀਮਤਾਂ ਵਿਚ ਵਾਧਾ ਕਰਦੀ ਹੈ, ਪੰਜਾਬ ਸਰਕਾਰ ਨੂੰ ਵੈਟ ’ਤੇ ਹੁੰਦੇ ਵਾਧੇ ਦੀ ਬਦੌਲਤ ਵਾਧੂ ਪੈਸਾ ਮਿਲਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਨੇ ਫਿਕਸ ਮੈਚ ਖੇਡ ਰਹੀ ਹੈ ਤੇ ਆਮ ਆਦਮੀ ਨੂੰ ਰਾਹਤ ਦੇਣ ਵਾਸਤੇ ਆਪਣਾ ਵੈਟ ਘਟਾਉਣ ਲਈ ਤਿਆਰ ਨਹੀਂ ਹੈ।

Share this Article
Leave a comment