ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਟੀਮ ਮੰਗਲਵਾਰ, 1 ਜੁਲਾਈ 2025 ਨੂੰ ਮਜੀਠਾ ਸਥਿਤ ਉਹਨਾਂ ਦੇ ਦਫਤਰ ਲੈ ਗਈ। ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਸੀ।
ਇਸੇ ਸਮੇਂ ਉੱਥੇ ਪਹੁੰਚੀ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਨੂੰ ਪੁਲਿਸ ਨੇ ਦਫਤਰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ‘ਤੇ ਗਨੀਵ ਕੌਰ ਦੀ ਪੁਲਿਸ ਨਾਲ ਬਹਿਸ ਵੀ ਹੋਈ। ਗਨੀਵ ਨੇ ਕਿਹਾ, “ਮੈਂ ਆਪਣੇ ਵਕੀਲ ਨਾਲ ਦਫਤਰ ਜਾਵਾਂਗੀ। ਬਾਕੀ ਸਾਰੇ ਇੱਥੇ ਰੁਕ ਜਾਣ। ਸਾਡੀ ਸਾਰੀ ਜਾਇਦਾਦ ਦੀ ਜਾਂਚ ਹੋ ਚੁੱਕੀ ਹੈ। ਮੈਂ ਹਲਕੇ ਦੀ ਵਿਧਾਇਕ ਹਾਂ, ਮੇਰੇ ਕੋਲ ਕੋਈ ਹਥਿਆਰ ਨਹੀਂ। ਮੈਂ ਆਪਣੇ ਦਫਤਰ ਜਰੂਰ ਜਾਵਾਂਗੀ।”
ਪਰ, ਪੁਲਿਸ ਨੇ ਉਹਨਾ ਨੂੰ ਅੰਦਰ ਨਹੀਂ ਜਾਣ ਦਿੱਤਾ। ਫਿਲਹਾਲ, ਮਜੀਠੀਆ ਦੇ ਦਫਤਰ ‘ਤੇ ਤਾਲਾ ਲੱਗਾ ਦਿੱਤਾ ਗਿਆ ਹੈ ਅਤੇ ਦਫਤਰ ਦੇ ਸਾਹਮਣੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਵਿਜੀਲੈਂਸ ਦੀਆਂ ਰੇਡਾਂ ਅਤੇ ਐਨਸੀਬੀ ਦੀ ਜਾਂਚ
6 ਵਿਅਕਤੀਆਂ ਦੇ ਮਜੀਠੀਆ ਵਿਰੁੱਧ ਬਿਆਨ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਉਹਨਾਂ ਦੇ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਟਿਕਾਣਿਆਂ ‘ਤੇ ਇੱਕੋ ਸਮੇਂ ਰੇਡਾਂ ਕੀਤੀਆਂ। ਇਸੇ ਸਿਲਸਿਲੇ ਵਿੱਚ ਪੁਲਿਸ ਬਿਕਰਮ ਮਜੀਠੀਆ ਨੂੰ ਉਹਨਾਂ ਦੇ ਮਜੀਠਾ ਦਫਤਰ ਲੈ ਗਈ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੀ ਮਜੀਠੀਆ ਤੋਂ ਪੁੱਛਗਿੱਛ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਲਈ ਵਿਜੀਲੈਂਸ ਨਾਲ ਸੰਪਰਕ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ NDPS (ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼) ਨਾਲ ਜੁੜਿਆ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਐਨਸੀਬੀ ਦੀ ਇਸ ਕਾਰਵਾਈ ‘ਤੇ ਸਵਾਲ ਚੁੱਕੇ ਹਨ।