ਬਿਕਰਮ ਮਜੀਠੀਆ ਦਾ ਕੈਪਟਨ ਅਤੇ ਸਿੱਧੂ ‘ਤੇ ਤਿੱਖਾ ਹਮਲਾ

TeamGlobalPunjab
2 Min Read

ਚੰਡੀਗੜ੍ਹ: ਇਕ ਪਾਸੇ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਜਾਰੀ ਹੈ ਤਾਂ ਦੂਜੇ ਪਾਸੇ ਵਿਰੋਧੀ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਦੀ ਜੰਮ ਕੇ ਨੁਕਤਾਚੀਨੀ ਕੀਤੀ । ਉਨ੍ਹਾਂ ਕੈਪਟਨ ਸਰਕਾਰ ਨੂੰ ਕੋਰੋਨਾ ਦਾ ਮੁਕਾਬਲਾ ਕਰਨ ਵਿਚ ਅਸਫਲ ਕਰਾਰ ਦਿੱਤਾ । ਮਜੀਠੀਆ ਨੇ ਕਿਹਾ ਕਿ ਕੋਰੋਨਾ ਸੰਕਟ ਵਿਚਾਲੇ ਆਮ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ । ਨਿੱਜੀ ਹਸਪਤਾਲਾਂ ਵਾਲੇ ਕੋਰੋਨਾ ਪੀੜਤ ਪਰਿਵਾਰਾਂ ਦੀ ਚੰਮ ਲਾਹ ਰਹੇ ਹਨ, ਮਰੀਜ਼ਾਂ ਦੇ 21-21 ਲੱਖ ਦੇ ਬਿੱਲ ਬਣ ਰਹੇ ਹਨ, ਪਰ ਕੈਪਟਨ ਸਰਕਾਰ ਚੁੱਪਚਾਪ ਸਭ ਦੇਖ ਰਹੀ ਹੈ। ਮਜੀਠੀਆ ਨੇ ਮੰਗ ਕੀਤੀ ਕਿ ਅਜਿਹੇ ਹਸਪਤਾਲ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਦੇ ਨਾਲ ਹੀ ਮਜੀਠੀਆ ਨੇ ਕੋਰੋਨਾ ਪੀੜਤਾਂ ਨੂੰ ਵੰਡੀਆਂ ਫਤਿਹ ਕਿੱਟਾਂ ਵਿੱਚੋਂ ‘ਆਕਸੀਮੀਟਰ’ ਗਾਇਬ ਹੋਣ ‘ਤੇ ਸਵਾਲ ਚੁੱਕੇ ਅਤੇ ਇਸਨੂੰ ਵੱਡਾ ਘਪਲਾ ਕਰਾਰ ਦਿੱਤਾ।

ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਆਈਸੀਯੂ ਵਿੱਚ ਹੈ, ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਪੰਜਾਬ ਵਿਚ ਮੌਤ ਦਾ ਅਨੁਪਾਤ ਰਾਸ਼ਟਰੀ ਦਰ ਨਾਲੋਂ ਦੁੱਗਣਾ ਹੈ।ਅਕਾਲੀ ਆਗੂ ਨੇ ਕਿਹਾ ਕਿ ਸਾਰੀ ਦੁਨੀਆ ਵੈਕਸੀਨੇਸ਼ਨ ਨੂੰ ਇੱਕੋ-ਇੱਕ ਬਚਾਅ ਦਾ ਸਾਧਨ ਕਰਾਰ ਦੇ ਰਹੀ ਹੈ, ਇਸ ਦੇ ਬਾਵਜੂਦ ਪੰਜਾਬ ਵਿਚ ਟੀਕਾਕਰਨ ਦੀ ਰੇਸ਼ੋ ਬਹੁਤ ਘੱਟ ਹੈ। ਦਿੱਲੀ ਵਿਚ ਮੌਤਾਂ ਦੀ ਗਿਣਤੀ ਤਕਰੀਬਨ 22000 ਹੈ, ਹਰਿਆਣਾ ਵਿਚ ਲਗਭਗ 6 ਹਜ਼ਾਰ ਜਦਕਿ ਪੰਜਾਬ ਵਿੱਚ 8 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਖ਼ੁਦ ਕੋਈ ਚਰਿੱਤਰ ਨਹੀਂ ਹੈ |ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਜਾਰੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਆਪ ਸਰਸੇ ਵਾਲੇ ਬਾਬੇ ਦੇ ਚਰਨਾਂ ਵਿਚ ਸੀਸ ਝੁਕਾਉਂਦਾ ਰਿਹਾ ਹੈ । ਆਸਾ ਰਾਮ, ਰਾਧੇ ਮਾਂ, ਰਾਮ ਰਹੀਮ ਨੂੰ ਰੱਬ ਦੱਸਣ ਵਾਲਾ ਸਿੱਧੂ ਸਿਆਸੀ ਤੌਰ ‘ਤੇ ਨਰਿੰਦਰ ਮੋਦੀ ਅਤੇ ਸੋਨੀਆ ਗਾਂਧੀ ਦੀ ਚਾਪਲੂਸੀ ਕਰਦਾ ਰਿਹਾ ਹੈ | ਅਜਿਹੇ ਬੰਦੇ ਬੇਅਦਬੀ ਵਰਗੀ ਗੰਭੀਰ ਮਸਲੇ ‘ਤੇ ਟਿੱਪਣੀ ਕਰ ਰਹੇ ਸਨ, ਜਿਨ੍ਹਾਂ ਦਾ ਖ਼ੁਦ ਹੀ ਸਟੈਂਡ ਨਹੀਂ ਹੈ |

Share this Article
Leave a comment