ਨਵੀਂ ਦਿੱਲੀ :- ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਨੂੰ ਰਫ਼ਤਾਰ ਦਿੰਦੇ ਹੋਏ ਸਿਹਤ ਮੰਤਰਾਲਾ ਨੇ ਸਾਰੇ ਸਿਹਤ ਕਾਮਿਆਂ ਤੇ ਮੂਹਰਲੀ ਕਤਾਰ ਦੇ ਕਰਮਚਾਰੀਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦੇਣ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ।
ਸੂਬਿਆਂ ਨੂੰ ਭੇਜੇ ਗਏ ਨਿਰਦੇਸ਼ਾਂ ‘ਚ ਸਿਹਤ ਮੰਤਰਾਲਾ ਨੇ ਸਾਫ ਕਰ ਦਿੱਤਾ ਹੈ ਕਿ ਪਹਿਲਾਂ ਸਿਹਤ ਕਾਮਿਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦੇਣ ਦਾ ਕੰਮ 24 ਫਰਵਰੀ ਤਕ ਤੇ ਮੂਹਰਲੀ ਕਤਾਰ ਦੇ ਕਰਮਚਾਰੀਆਂ ਦਾ ਟੀਕਾਕਰਨ 6 ਮਾਰਚ ਤਕ ਹਰ ਹਾਲਾਤ ‘ਚ ਪੂਰਾ ਕਰ ਲਿਆ ਜਾਵੇ। ਮੰਤਰਾਲਾ ਮੁਤਾਬਕ ਸਿਹਤ ਕਾਮਿਆਂ ਦੇ ਟੀਕਾਕਰਨ ‘ਚ ਬਿਹਾਰ ਦੇਸ਼ ਭਰ ‘ਚੋਂ ਸਭ ਤੋਂ ਅੱਗੇ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਨੁਸਾਰ ਸੂਬਿਆਂ ਨੂੰ 17 ਜਨਵਰੀ ਨੂੰ ਹੀ ਸਿਹਤ ਕਾਮਿਆਂ ਦੇ ਟੀਕਾਕਰਨ ਦਾ ਕੰਮ 20 ਫਰਵਰੀ ਤਕ ਪੂਰਾ ਕਰਨ ਨੂੰ ਕਿਹਾ ਗਿਆ ਸੀ।
ਇਸ ਦੇ ਬਾਵਜੂਦ ਵੀ ਜੇ ਕੁਝ ਸਿਹਤ ਕਾਮੇ ਰਹਿ ਜਾਂਦੇ ਹਨ ਤਾਂ ਸੂਬਿਆਂ ਨੂੰ ਉਨ੍ਹਾਂ ਲਈ ਵਿਸ਼ੇਸ਼ ਮਾਪਅੱਪ ਰਾਊਂਡ ਦੀ ਸਹੂਲਤ ਦੇਣ ਨੂੰ ਕਿਹਾ ਗਿਆ ਹੈ, ਜਿਸ ‘ਚ ਉਹ ਵੈਕਸੀਨ ਲੈ ਸਕਣਗੇ ਪਰ 24 ਫਰਵਰੀ ਤੋਂ ਬਾਅਦ ਉਨ੍ਹਾਂ ਲਈ ਕੋਈ ਮਾਪਅੱਪ ਰਾਊਂਡ ਨਹੀਂ ਹੋਵੇਗਾ। ਇਸੇ ਤਰ੍ਹਾਂ ਮੂਹਰਲੀ ਕਤਾਰ ਦੇ ਕਰਮਚਾਰੀਆਂ ਲਈ ਤੈਅ ਸਮੇਂ ਅਨੁਸਾਰ ਵੈਕਸੀਨ ਲੈਣ ਦੀ ਤਰੀਕ 1 ਮਾਰਚ ਤੇ ਮਾਪਅੱਪ ਰਾਊਂਡ 6 ਮਾਰਚ ਤੈਅ ਕਰ ਦਿੱਤੀ ਗਈ ਹੈ। ਭੂਸ਼ਣ ਨੇ ਸਪੱਸ਼ਟ ਕੀਤਾ ਕਿ ਮਾਪਅੱਪ ਰਾਊਂਡ ਤੋਂ ਬਾਅਦ ਵੈਕਸੀਨ ਨਾ ਲਗਵਾਉਣ ਵਾਲੇ ਸਿਹਤ ਕਾਮਿਆਂ ਤੇ ਮੂਹਰਲੀ ਕਤਾਰ ਦੇ ਕਰਮਚਾਰੀਆਂ ਨੂੰ ਕਿਸੇ ਵਿਸ਼ੇਸ਼ ਮੁਹਿੰਮ ਦਾ ਲਾਭ ਨਹੀਂ ਮਿਲੇਗਾ। ਫਿਰ ਉਮਰ ਦੇ ਹਿਸਾਬ ਨਾਲ ਹੀ ਵੈਕਸੀਨ ਲਗਵਾਉਣ ਪਵੇਗੀ।