ਬਿਹਾਰ ਪੁਲਿਸ ਨੇ ਨਵਜੋਤ ਸਿੱਧੂ ਦੀ ਕੋਠੀ ਬਾਹਰ ਲਾਏ ਡੇਰੇ, 5 ਦਿਨਾਂ ਬਾਅਦ ਵੀ ਨਹੀਂ ਮਿਲੇ ਸਿੱਧੂ

TeamGlobalPunjab
2 Min Read

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ 5 ਦਿਨਾਂ ਤੋਂ ਡੇਰੇ ਲਗਾ ਕੇ ਬੈਠੀ ਹੈ। ਪੁਲਿਸ ਟੀਮ ਪੰਜ ਦਿਨਾਂ ਤੋਂ ਸਿੱਧੂ ਦੇ ਘਰ ਚੱਕਰ ਕੱਟ ਰਹੀ ਹੈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਬਿਹਾਰ ਪੁਲਿਸ ਦੀ ਟੀਮ ਕਟਿਹਾਰ ‘ਚ ਸਿੱਧੂ ਦੇ ਖਿਲਾਫ ਦਰਜ ਮਾਮਲੇ ਸਬੰਧੀ ਇੱਥੇ ਆਈ ਹੈ। ਅੱਜ ਛੇਵਾਂ ਦਿਨ ਹੋ ਗਿਆ ਹੈ ਤੇ ਸਿੱਧੂ ਨੇ ਬਿਹਾਰ ਦੀ ਅਦਾਲਤ ਦੇ ਸੰਮਨ ਪ੍ਰਾਪਤ ਨਹੀਂ ਕੀਤੇ ਹਨ।

ਉੱਧਰ ਬਿਹਾਰ ਪੁਲਿਸ ਦਾ ਕਹਿਣਾ ਹੈ ਕਿ ਉਹ ਸਿੱਧੂ ਨੂੰ ਸੰਮਨ ਦੇਣ ਤੋਂ ਬਾਅਦ ਹੀ ਪਰਤਣਗੇ। ਪੁਲਿਸ ਨੂੰ ਦੱਸਿਆ ਗਿਆ ਸੀ ਕਿ ਸਿੱਧੂ ਹਾਲੇ ਬਾਹਰ ਹਨ ਅਤੇ ਸੋਮਵਾਰ ਨੂੰ ਆੳੇਣਗੇ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਹੈ।

ਐਤਵਾਰ ਨੂੰ ਵੀ ਕਟਿਹਾਰ ਪੁਲਿਸ ਦੀ ਟੀਮ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਸਿੱਧੂ ਦੀ ਕੋਠੀ ਦੇ ਚੱਕਰ ਕੱਟਦੀ ਰਹੀ। ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਸਬ ਇੰਸਪੇਕਟਰ ਜਨਾਰਦਨ ਪ੍ਰਸਾਦ ਅਤੇ ਜਾਵੇਦ ਅਹਿਮਦ ਨੇ ਦੱਸਿਆ ਕਿ ਪੰਜਵੇਂ ਦਿਨ ਵੀ ਸਾਬਕਾ ਮੰਤਰੀ ਦੇ ਘਰੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਪਰ ਉਮੀਦ ਹੈ ਕਿ ਸੋਮਵਾਰ ਨੂੰ ਉਹ ਸਿੱਧੂ ਨੂੰ ਨੋਟਿਸ ਦੇ ਦੇਣਗੇ।

ਬਿਹਾਰ ਪੁਲਿਸ ਟੀਮ ਦੇ  ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਸਿੱਧੂ ਨੂੰ ਨੋਟਿਸ ਦੇ ਕੇ ਹੀ ਵਾਪਸ ਪਰਤਣ। ਦੋਵੇਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਉਹ ਇੱਥੇ ਹੋਟਲ ਵਿੱਚ ਰਹਿ ਰਹੇ ਹਨ ਅਤੇ ਕੋਰੋਨਾ ਦੇ ਸੰਕਰਮਣ ਤੋਂ ਬਚਣ ਲਈ ਖਾਸ ਸਾਵਧਾਨੀ ਵੀ ਵਰਤ ਰਹੇ ਹਨ। ਦੋਸ਼ ਹੈ ਕਿ ਸਿੱਧੂ ਨੇ 16 ਅਪ੍ਰੈਲ 2019 ਨੂੰ ਇੱਕ ਚੋਣ ਸਭਾ ‘ਚ ਵਿਵਾਦਤ ਭਾਸ਼ਣ ਦੇ ਕੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਸੀ।  ਬਿਹਾਰ ਪੁਲਿਸ ਦਸੰਬਰ ਮਹੀਨੇ ਵਿੱਚ ਵੀ ਸਾਬਕਾ ਮੰਤਰੀ ਨੂੰ ਜ਼ਮਾਨਤ ਦੇਣ ਲਈ ਅੰਮ੍ਰਿਤਸਰ ਪਹੁੰਚੀ ਸੀ।

Share This Article
Leave a Comment