ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਸਬੰਧੀ ਲਏ ਗਏ ਵੱਡੇ ਫੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ। ਸਿੱਧੂ ਹਮਾਇਤੀ ਕਾਂਗਰਸੀ ਵਿਧਾਇਕ ਅਤੇ ਮੰਤਰੀਆਂ ਵਿੱਚ ਜਿਵੇਂ ਨਵੀਂ ਜਾਨ ਆ ਗਈ ਹੈ। ਕਾਂਗਰਸ ਹਾਈਕਮਾਂਡ ਦੇ ਫੈਸਲੇ ਨੂੰ ਨਵਜੋਤ ਸਿੰਘ ਸਿੱਧੂ ਦੀ ਨੈਤਿਕ ਜਿੱਤ ਮੰਨਿਆ ਜਾ ਰਿਹਾ ਹੈ। ਇੱਕ ਤਰੀਕੇ ਨਾਲ ਪੰਜਾਬ ਕਾਂਗਰਸ ਦੀ ਗੁੱਡੀ ਦੀ ਡੋਰ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਵਿੱਚ ਆ ਰਹੀ ਹੈ, ਇਸੇ ਨੂੰ ਲੈ ਕੇ ਸਿੱਧੂ ਹਮਾਇਤੀ ਧੜਾ ਪੱਬਾਂ ਭਾਰ ਹੋ ਚੁੱਕਾ ਹੈ।
ਵੀਰਵਾਰ ਨੂੰ ਚੰਡੀਗੜ੍ਹ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਰਕਾਰੀ ਘਰ ਸੈਕਟਰ-39 ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ, ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਕੱਠੇ ਹੋਏ। ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਇਨ੍ਹਾਂ ਦੇ ਨਾਲ ਸਨ । ਮੰਨਿਆ ਜਾ ਰਿਹਾ ਹੈ ਕਿ ਇਹਨਾਂ ਸਾਰਿਆਂ ਨੇ ਸਿੱਧੂ ਨੂੰ ਨਵੀਂ ਜਿੰਮੇਵਾਰੀ ਸੰਬੰਧੀ ਵਧਾਈ ਦਿੱਤੀ ਹੈ ਅਤੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਬਾਰੇ ਵੀ ਚਰਚਾ ਹੋਈ ਹੈ।
ਇਨ੍ਹਾਂ ਸਭ ਦੀ ਬੈਠਕ ਚੱਲ ਹੀ ਰਹੀ ਸੀ ਕਿ ਇਸ ਵਿਚਾਲੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾ ਲਿਆ ਹੈ ਅਤੇ ਭਲਕੇ 16 ਜੁਲਾਈ ਨੂੰ ਦਿੱਲੀ ਵਿਖੇ ਕਾਂਗਰਸ ਪਾਰਟੀ ਦੀ ਪ੍ਰੈੱਸ ਕਾਨਫ਼ਰੰਸ ਹੋ ਸਕਦੀ ਹੈ, ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਏ ਜਾਣ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਖ਼ਬਰ ਤਾਂ ਇਹ ਵੀ ਹੈ ਕਿ ਅਜੇ ਤਕ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਬਾਰੇ ਕੋਈ ਪੱਤਰ ਨਹੀਂ ਪਹੁੰਚਿਆ।
ਸੂਤਰਾਂ ਨੇ ਦੱਸਿਆ ਕਿ ਫ਼ਿਲਹਾਲ ਇਕੱਲੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਏ ਜਾਣ ਦਾ ਐਲਾਨ ਹੋਵੇਗਾ ਅਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ।
ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਜੋ ਮੰਤਰੀ ਤੇ ਵਿਧਾਇਕ ਇਕੱਠੇ ਹੋਏ ਸਨ ਉਹ ਦੇਰ ਸ਼ਾਮੀਂ ਉਥੋਂ ਰੁਖ਼ਸਤ ਹੋਏ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਸਿਸਵਾਂ ਫ਼ਾਰਮ ਹਾਊਸ ਲਈ ਨਿਕਲੇ ਹਨ, ਜਿਸ ਤੋਂ ਬਾਅਦ ਉਹ ਆਪਣੀ ਪਟਿਆਲਾ ਰਿਹਾਇਸ਼ ‘ਤੇ ਪਹੁੰਚਣਗੇ ਅਤੇ ਸਵੇਰੇ ਦਿੱਲੀ ਲਈ ਰਵਾਨਾ ਹੋਣਗੇ।