ਜੈਪੁਰ : ਰਾਜਸਥਾਨ ਸਰਕਾਰ ਨੇ ਸੂਬੇ ‘ਚ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਅੰਤਰ ਰਾਜੀ ਹੱਦਾਂ ਨੂੰ ਇੱਕ ਹਫਤੇ ਲਈ ਸੀਲ ਕਰਨ ਦਾ ਫੈਸਲਾ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਗਲੇ 7 ਦਿਨਾਂ ਲਈ ਸੂਬੇ ਦੇ ਸਾਰੇ ਬਾਰਡਰ ਮੁਕੰਮਲ ਤੌਰ ‘ਤੇ ਸੀਲ ਰਹਿਣਗੇ।
ਰਾਜਸਥਾਨ ਪੁਲਿਸ ਦੇ ਮੁਖੀ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਭੇਜੇ ਗਏ ਹੁਕਮਾਂ ‘ਚ ਉਨ੍ਹਾਂ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਰਾਜਸਥਾਨ ਦੀਆਂ ਸਾਰੀਆਂ ਅੰਤਰ ਰਾਜੀ ਹੱਦਾਂ ਨੂੰ ਸੀਲ ਕੀਤਾ ਜਾਵੇ। ਕੋਰੋਨਾ ਆਫਤ ਦਰਮਿਆਨ ਰਾਜਸਥਾਨ ਸਰਕਾਰ ਦੇ ਹੁਕਮਾਂ ਮੁਤਾਬਕ ਬਾਹਰੀ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਸਿਰਫ ਪਾਸ ਜ਼ਰੀਏ ਹੀ ਲੋਕਾਂ ਨੂੰ ਸੂਬੇ ‘ਚ ਆਉਣ ਅਤੇ ਬਾਹਰ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਸੂਬੇ ਦੇ ਟੋਲ ਪਲਾਜ਼ਾ ਅਤੇ ਨਾਕਿਆਂ ‘ਤੇ ਚੈਕਿੰਗ ਲਈ ਪੁਲਿਸ ਕਰਮੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਸੂਬੇ ‘ਚ ਕੋੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ਅੰਦਰ ਕੋਰੋਨਾ ਦੇ 123 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 11 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਸੂਬੇ ‘ਚ ਹੁਣ ਤੱਕ 256 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਿਸ ਨੂੰ ਵੇਖਦਿਆਂ ਰਾਜਸਥਾਨ ਸਰਕਾਰ ਨੇ ਆਪਣੀਆਂ ਅੰਤਰ ਰਾਜੀ ਹੱਦਾਂ ਨੂੰ ਅਗਲੇ 7 ਦਿਨਾਂ ਲਈ ਸੀਲ ਕਰਨ ਦਾ ਫੈਸਲਾ ਲਿਆ ਹੇ।