ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਨਾਲ ਬੈਠਕ ਹੋਈ ਅਤੇ ਕਈ ਮੁੱਦਿਆਂ ਤੇ ਚਰਚਾ ਹੋਈ ਹੈ। ਨਵਜੋਤ ਸਿਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਸਿੱਧੂ ਦੀ ਤਾਜਪੋਸ਼ੀ ਮੌਕੇ ਕੈਪਟਨ ਅਤੇ ਸਿੱਧੂ ਇਕੱਠੇ ਨਜ਼ਰ ਆਏ ਸਨ।
ਇਸ ਮੀਟਿੰਗ ‘ਚ ਚਾਰੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਹਾਜ਼ਰ ਹਨ । ਇਸ ਮੀਟਿੰਗ ਦੀ ਵੱਡੀ ਗੱਲ ਇਹ ਵੀ ਰਹੀ ਕਿ ਇਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਵਧਾਈ ਦਿੱਤੀ ਸੀ ਪਰ ਇਹ ਵੀ ਕਿਹਾ ਸੀ ਕਿ ਜਦੋਂ ਤਕ ਸਿੱਧੂ ਮੁੱਖ ਮੰਤਰੀ ਨਾਲ ਆਪਣੀ ਮਸਲੇ ਨਿਪਟਾ ਨਹੀਂ ਲੈਂਦੇ ਉਹ ਉਸ ਸਮੇਂ ਤੱਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ। ਕੈਪਟਨ ਅਤੇ ਸਿੱਧੂ ਦੀ ਅੱਜ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਖੇਮੇ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ।