ਧਨਬਾਦ : ਬੀਤੇ ਦਿਨ ਝਾਰਖੰਡ ਦੇ ਧਨਬਾਦ ਵਿੱਚ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਿਚੋਂ ਇਕ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ।
ਝਾਰਖੰਡ ਪੁਲਿਸ ਦੇ ਬੁਲਾਰੇ ਅਮੋਲ ਬੀ ਹੋਮਕਰ ਨੇ ਦੱਸਿਆ ਕਿ ਆਟੋ ਚਾਲਕ ਲਖਨ ਵਰਮਾ ਅਤੇ ਉਸਦੇ ਸਾਥੀ ਰਾਹੁਲ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਖਨ ਨੇ ਮੰਨਿਆ ਹੈ ਕਿ ਉਸਨੇ ਜੱਜ ਨੂੰ ਆਟੋ ਨਾਲ ਟੱਕਰ ਮਾਰੀ ਸੀ।
ਬੀਤੇ ਦਿਨ ਤੜਕੇ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਜਦੋਂ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਸਵੇਰ ਸਮੇਂ ਸੈਰ ਕਰ ਰਹੇ ਸਨ ਤਾਂ ਇੱਕ ਆਟੋ ਵਾਲੇ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਪਿੱਛੇ ਤੋਂ ਟੱਕਰ ਮਾਰੀ। ਇਸ ਹਾਦਸੇ ਵਿੱਚ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਦੀ ਜਾਨ ਚਲੀ ਗਈ। ਆਟੋ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜਿਹੜਾ ਪੁਲਿਸ ਵਲੋਂ ਹੁਣ ਕਾਬੂ ਕਰ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਲਾਂਕਿ ਪਹਿਲਾਂ ਇਸ ਮਾਮਲੇ ਨੂੰ ‘ਹਿੱਟ ਐਂਡ ਰਨ’ ਕੇਸ ਮੰਨਿਆ ਜਾ ਰਿਹਾ ਸੀ।
धनबाद के ज़िला सत्र जज उत्तम आनंद का बुधवार सुबह मोर्निंग वॉक में एक ऑटो के ठक्कर में मौत का मामला गहराता जा रहा हैं @ndtvindia @Anurag_Dwary pic.twitter.com/oV3m3Ca6x0
— manish (@manishndtv) July 28, 2021
ਜੱਜ ਉੱਤਮ ਅਨੰਦ ਹੋਟਵਾਰ ਜੇਲ੍ਹ ਵਿਚ ਬੰਦ ਵੱਡੇ ਗੈਂਗਸਟਰ ਸਣੇ 15 ਵੱਡੇ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ। ਉਨ੍ਹਾਂ ਕੋਲ ਲੰਬਿਤ ਪਏ ਮਾਮਲਿਆਂ ਵਿੱਚ ਕਈ ਹਾਈ ਪ੍ਰੋਫਾਈਲ ਕਤਲ ਅਤੇ ਆਦਤਨ ਅਪਰਾਧੀਆਂ ਦੇ ਕੇਸ ਵੀ ਸ਼ਾਮਲ ਸਨ । ਉਨ੍ਹਾਂ ਦੋ ਮਾਮਲਿਆਂ ਵਿੱਚ ਦੋ ਸਗੇ ਭਰਾਵਾਂ ਸਣੇ ਤਿੰਨ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੋਸਟਮਾਰਟਮ ਰਿਪੋਰਟ ਦੇ ਜੱਜ ਉੱਤਮ ਆਨੰਦ ਨੂੰ ਭਾਰੀ ਵਸਤੂ ਨਾਲ ਉਨ੍ਹਾਂ ਦੇ ਸਿਰ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ।
ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਏਡੀਜੀ ਆਪ੍ਰੇਸ਼ਨ ਸੰਜੇ ਆਨੰਦ ਲਿਤਕਰ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਟੀਮ ਵਿੱਚ ਬੋਕਾਰੋ ਡੀਆਈਜੀ ਅਤੇ ਐਸਐਸਪੀ ਧਨਬਾਦ ਨੂੰ ਵੀ ਸ਼ਾਮਲ ਕੀਤਾ ਗਿਆ। ਫੌਰੈਂਸਿਕ ਟੀਮ ਅਤੇ ਧਨਬਾਦ ਪੁਲਿਸ ਦੀ ਸੀਆਈਡੀ ਟੀਮ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿੱਚ ਜੁਟੀ ਹੋਈ ਹੈ।