ਨਿਊਜ਼ ਡੈਸਕ: IPL ਦੇ ਸਾਬਕਾ ਪ੍ਰਸ਼ਾਸਕ ਲਲਿਤ ਮੋਦੀ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਵੈਨੂਆਟੂ ਦੇ ਪ੍ਰਧਾਨ ਮੰਤਰੀ ਨੇ ਲਲਿਤ ਮੋਦੀ ਦਾ ਪਾਸਪੋਰਟ ਰੱਦ ਕਰਨ ਦਾ ਹੁਕਮ ਦਿੱਤਾ ਹੈ। ਲਲਿਤ ਮੋਦੀ ਕੋਲ ਵੈਨੂਆਟੂ ਦੀ ਨਾਗਰਿਕਤਾ ਹੈ। ਜ਼ਿਕਰਯੋਗ ਹੈ ਕਿ ਲਲਿਤ ਮੋਦੀ ਨੇ ਹਾਲ ਹੀ ‘ਚ ਆਪਣੀ ਭਾਰਤੀ ਨਾਗਰਿਕਤਾ ਛੱਡਣ ਲਈ ਅਰਜ਼ੀ ਦਿੱਤੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ‘ਲਲਿਤ ਮੋਦੀ ਨੇ ਆਪਣਾ ਭਾਰਤੀ ਪਾਸਪੋਰਟ ਸਪੁਰਦ ਕਰਨ ਲਈ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ।’ ਜੈਸਵਾਲ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਉਸ ਕੋਲ ਵੈਨੂਆਟੂ ਦੀ ਨਾਗਰਿਕਤਾ ਹੈ। ਅਸੀਂ ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਰਹਾਂਗੇ।
ਵੈਨੂਆਟੂ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ। ਇਸ ਟਾਪੂ ਦੇਸ਼ ਦੀ ਕੁੱਲ ਆਬਾਦੀ ਸਿਰਫ਼ 3 ਲੱਖ ਦੇ ਕਰੀਬ ਹੈ। ਵੈਨੂਆਟੂ ਨੂੰ ਸਾਲ 1980 ਵਿੱਚ ਫਰਾਂਸ ਅਤੇ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ। ਵੈਨੂਆਟੂ ਨਿਵੇਸ਼ ਪ੍ਰੋਗਰਾਮ ਦੇ ਤਹਿਤ ਦੁਨੀਆ ਭਰ ਦੇ ਲੋਕਾਂ ਨੂੰ ਨਾਗਰਿਕਤਾ ਦੀ ਪੇਸ਼ਕਸ਼ ਕਰਦਾ ਹੈ। ਰਿਪੋਰਟਾਂ ਅਨੁਸਾਰ ਵੈਨੂਆਟੂ ਵਿੱਚ ਨਾਗਰਿਕਤਾ ਲੈਣ ਦੀ ਘੱਟੋ-ਘੱਟ ਕੀਮਤ 1.55 ਲੱਖ ਡਾਲਰ ਹੈ। ਵੈਨੂਆਟੂ ਵਿੱਚ ਨਿਵੇਸ਼ ਦੇ ਬਦਲੇ, ਕਿਸੇ ਨੂੰ ਸਿਰਫ 30-60 ਦਿਨਾਂ ਵਿੱਚ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਹੈ। ਰਿਪੋਰਟਾਂ ਦੇ ਅਨੁਸਾਰ, ਨਾਗਰਿਕਤਾ ਦੇ ਬਦਲੇ ਪ੍ਰਾਪਤ ਮਾਲੀਆ ਵੈਨੂਆਟੂ ਦੇ ਕੁੱਲ ਮਾਲੀਏ ਦਾ 30 ਪ੍ਰਤੀਸ਼ਤ ਬਣਦਾ ਹੈ।
ਦਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਾਲੇ ਦੇਸ਼ਾਂ ਵਿਚ ਭਾਰਤ 80ਵੇਂ ਨੰਬਰ ‘ਤੇ ਹੈ, ਜਦੋਂਕਿ ਛੋਟਾ ਦੇਸ਼ ਵੈਨੂਆਟੂ ਇਸ ਸੂਚੀ ਵਿਚ 51ਵੇਂ ਨੰਬਰ ‘ਤੇ ਹੈ ਅਤੇ ਸਾਊਦੀ ਅਰਬ ਅਤੇ ਚੀਨ ਤੋਂ ਅੱਗੇ ਹੈ। ਵੈਨੂਆਟੂ ਪਾਸਪੋਰਟ ਦੁਨੀਆ ਦੇ 113 ਦੇਸ਼ਾਂ ਵਿੱਚ ਵੀਜ਼ਾ-ਮੁਕਤ ਦਾਖਲੇ ਦੀ ਆਗਿਆ ਦਿੰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।