ਅੰਮ੍ਰਿਤਸਰ : ਇੰਟਰਨੈਸ਼ਨਲ ਸਿੱਖ ਕੌਂਸਲ ਟਰੱਸਟ ਦੇ ਪ੍ਰਧਾਨ ਬੀਬੀ ਤਰਵਿੰਦਰ ਕੌਰ ਖ਼ਾਲਸਾ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਹਿਬਲ ਕਲਾਂ ਗੋਲੀ ਕਾਂਡ, ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਸਵਾਂਗ ਰਚਾਉਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦਬਾਅ ਪਾ ਕੇ ਮੁਆਫ਼ੀ ਦੁਆਉਣ ਵਰਗੇ ਸਿੱਖ ਪੰਥ ਵਿਰੋਧੀ ਕਾਰਜ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਣ ਬਾਰੇ ਮੰਗ ਪੱਤਰ ਦਿੱਤਾ ਹੈ।
ਬੀਬੀ ਖਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਅਤੇ ਸਾਡਾ ਹੱਕ ਬਣਦਾ ਹੈ ਕਿ ਅਸੀਂ ਕੌਮ ਦੀਆਂ ਦਰਪੇਸ਼ ਮੁਸ਼ਕਲਾਂ ਲੈ ਕੇ ਆਪਣੇ ਸੁਪਰੀਮ ਕੋਰਟ ਭਾਵ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਈਏ। ਬੀਬੀ ਖਾਲਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਇੱਕ ਮਸਲੇ ਦੇ ਹੱਲ ਲਈ ਆਏ ਸਨ ਜਿਸ ਨੂੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਨੇ ਹੱਲ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਸਿੰਘ ਸਾਹਿਬ ਇਹ ਮਸਲਾ ਵੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਪੰਥ ‘ਚੋਂ ਛੇਕ ਕੇ ਹੱਲ ਕਰਨਗੇ।