ਅੰਮ੍ਰਿਤਸਰ : ਪਿਛਲੀ ਦਿਨੀਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਨੂੰ ਲੈ ਕੇ ਸਿਆਸੀ ਰੇੜਕਾ ਬਰਕਰਾਰ ਹੈ। ਲਗਾਤਾਰ ਅਕਾਲੀ ਆਗੂਆਂ ਵੱਲੋਂ ਬੀਬੀ ਜਗੀਰ ਕੌਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਜਿਸ ਦੇ ਚਲਦਿਆਂ ਹੁਣ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਬੀ ਜਗੀਰ ਕੌਰ ਨੂੰ ਆੜੇ ਹੱਥੀਂ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਲਈ ਕਾਂਗਰਸ ਨਾਲ ਹੱਥ ਮਿਲਾ ਲਏ ਹਨ। ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਵੱਲੋਂ ਬੀਬੀ ਜਗੀਰ ਕੌਰ ਦਾ ਸਾਥ ਦਿੱਤਾ ਗਿਆ ਜਾਂ ਤਾਂ ਉਹ ਭਾਜਪਾ ਨਾਲ ਸਬੰਧ ਰੱਖਦੇ ਹਨ ਤੇ ਜਾਂ ਫਿਰ ਕਾਂਗਰਸ ਨਾਲ।
ਬਿਕਰਮ ਮਜੀਠੀਆ ਨੇ ਕਿਹਾ ਕਿ ਅੱਜ ਕਾਂਗਰਸ ਵੱਲੋਂ 84 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਹੁਣ ਤੁਸੀਂ ਆਪਣਾ ਸਟੈਂਡ ਸਪੱਸ਼ਟ ਕਰੋ ਕਿ ਤੁਸੀਂ ਨਾਲ ਹੋ। ਇਸ ਮੌਕੇ ਚੋਣਾਂ ‘ਚ ਬੀਬੀ ਜਗੀਰ ਕੌਰ ਦਾ ਸਾਥ ਦੇਣ ਦਾ ਐਲਾਨ ਕਰਨ ਵਾਲੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਨੂੰ ਵੀ ਮਜੀਠੀਆ ਨੇ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੈਂਬਰਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਮਹਾਰਾਜ ਦੀ ਕ੍ਰਿਪਾ ਸਦਕਾ ਸਮੁੱਚੇ ਮੈਂਬਰ ਸਾਹਿਬਾਨ ਪੰਥ ਦੇ ਹੱਕ ‘ਚ ਭੁਗਤੇ ਹਨ।