ਚੰਡੀਗੜ੍ਹ: ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿੱਚ ਵੀ ਧੱਕੇ ਨਾਲ਼ ਪਾਸ ਕਰ ਕੇ ਖੇਤੀ ਉੱਤੇ ਸਾਮਰਾਜੀ ਕਾਰਪੋਰੇਟਾਂ ਦਾ ਮੁਕੰਮਲ ਕਬਜ਼ਾ ਕਰਾਉਣ ਲਈ ਬਜ਼ਿਦ ਮੋਦੀ ਭਾਜਪਾ ਹਕੂਮਤ ਵਿਰੁੱਧ ਸੰਘਰਸ਼ ਜਾਰੀ ਰੱਖਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ 48 ਘੰਟਿਆਂ ਦੇ ਰੇਲ-ਜਾਮ ਦੀ ਹਮਾਇਤ ਵਜੋਂ ਮਾਲਵੇ ਦੇ 9 ਜਿਲ੍ਹਿਆਂ ‘ਚ ਮਾਨਸਾ, ਬਰਨਾਲਾ, ਨਾਭਾ(ਪਟਿਆਲਾ), ਛਾਜਲੀ (ਸੰਗਰੂਰ), ਰਾਮਪੁਰਾ (ਬਠਿੰਡਾ), ਅਜੀਤਵਾਲ (ਮੋਗਾ), ਕੋਟਕਪੂਰਾ (ਫਰੀਦਕੋਟ), ਗਿੱਦੜਬਾਹਾ (ਮੁਕਤਸਰ) ਅਤੇ ਜਲਾਲਾਬਾਦ (ਫਾਜ਼ਿਲਕਾ) ਵਿਖੇ ਰੇਲ-ਪਟੜੀਆਂ ‘ਤੇ ਹਮਾਇਤੀ ਧਰਨੇ ਲਾਏ ਗਏ ਅਤੇ ਦੇਵੀਦਾਸਪੁਰਾ (ਅੰਮ੍ਰਿਤਸਰ) ਵਿਖੇ ਸੱਦਾ ਦੇਣ ਵਾਲੀ ਜਥੇਬੰਦੀ ਦੇ ਰੇਲ-ਜਾਮ ਧਰਨੇ ‘ਚ ਹਮਾਇਤੀ ਜੱਥਾ ਸ਼ਾਮਲ ਕੀਤਾ ਗਿਆ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੂਰੇ ਪੰਜਾਬ ‘ਚ ਮੋਦੀ ਭਾਜਪਾ ਹਕੂਮਤ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਜਥੇਬੰਦੀ ਦੇ ਦਾਇਰੇ ਤੋਂ ਬਾਹਰਲੇ ਕਿਸਾਨ ਮਜਦੂਰ, ਟੀਚਰ, ਮੁਲਾਜ਼ਮ,ਬੇਰੁਜ਼ਗਾਰ,ਠੇਕਾ ਕਾਮੇ, ਜਲ ਸਪਲਾਈ ਕਾਮੇ, ਵਕੀਲ, ਡਾਕਟਰ, ਦੁਕਾਨਦਾਰ, ਵਪਾਰੀ, ਦੋਧੀ, ਟੈਕਸੀ ਚਾਲਕ,ਮਿੰਨੀ ਬੱਸ ਚਾਲਕ,ਆਟੋ ਚਾਲਕ, ਸਮਾਜਿਕ ਧਾਰਮਿਕ ਸੇਵਾਦਾਰ,ਖੇਡ-ਕਲੱਬਾਂ ਦੇ ਮੈਂਬਰ,ਪੰਚ ਸਰਪੰਚ ਤੇ ਹੋਰ ਕਿਰਤੀ ਵੀ ਜੱਥੇ ਲੈ ਕੇ ਧਰਨਿਆਂ ਵਿੱਚ ਸ਼ਾਮਿਲ ਹੋਏ। ਇਹਨਾਂ ਸਭਨਾਂ ਸਹਿਯੋਗੀਆਂ ਦਾ ਬੁਲਾਰਿਆਂ ਵੱਲੋਂ ਸੰਗਰਾਮੀ ਧੰਨਵਾਦ ਕੀਤਾ ਗਿਆ। ਭਾਰੀ ਗਿਣਤੀ ‘ਚ ਨੌਜਵਾਨਾਂ ਤੇ ਔਰਤਾਂ ਸਮੇਤ ਥਾਂ ਥਾਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਰਾਜਵਿੰਦਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ, ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਮੌੜ, ਪੂਰਨ ਸਿੰਘ ਦੋਦਾ, ਜਸਪਾਲ ਸਿੰਘ ਨੰਗਲ , ਸਤਪਾਲ ਸਿੰਘ ਭੋਡੀਪੁਰਾ ਅਤੇ ਮਨਜੀਤ ਸਿੰਘ ਨਿਆਲ ਸ਼ਾਮਲ ਸਨ। ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ। ਇਹ ਕਾਲੇ ਕਾਨੂੰਨ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜਦੂਰ ਤੇ ਸੰਘਰਸ਼ਸ਼ੀਲ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨਹੂਲਵੇਂ ਸੰਘਰਸ਼ਾਂ ਦੀ ਝੜੀ ਲਾ ਕੇ ਇਹ ਕਾਲ਼ੇ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ। ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਤੇ ਨਿਜੀਕਰਨ ਵਰਗੀਆਂ ਨਵੀਆਂ ਆਰਥਿਕ ਨੀਤੀਆਂ ਦੀ ਹਮਾਇਤ ਜਾਰੀ ਰੱਖਦਿਆਂ ਆਪਣੀ ਸਿਆਸੀ ਚਮੜੀ ਬਚਾਉਣ ਦੇ ਯਤਨਾਂ ਵਜੋਂ ਖੇਤੀ ਕਾਨੂੰਨਾਂ ਵਿਰੁੱਧ ਬੰਦ ਵਰਗੇ ਗੁੰਮਰਾਹਕੁੰਨ ਸੱਦਿਆਂ ਨੂੰ ਬੁਲਾਰਿਆਂ ਨੇ ਖੇਖਣਬਾਜ਼ੀ ਦੱਸਦਿਆਂ ਜ਼ੋਰਦਾਰ ਨਿਖੇਧੀ ਵੀ ਕੀਤੀ।
ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜ੍ਹੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਓ। ਕਰਜਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦਿਓ। ਕਰੋਨਾ ਦੀ ਆੜ ਹੇਠ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਖਿਲਾਫ਼ ਲਿਖਣ ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ,ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ੍ਹ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90% ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ, ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਸ਼ਾਂਤਮਈ ਅੰਦੋਲਨਕਾਰੀ ਆਗੂਆਂ ਸਮੇਤ ਸਭਨਾਂ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ। ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ ਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿਓ। ਆਦਮਖੋਰ ਨਸ਼ਾ-ਮਾਫੀਆ ਦੀ ਸਿਆਸੀ ਪ੍ਰਸ਼ਾਸਕੀ ਸਰਪ੍ਰਸਤੀ ਬੰਦ ਕਰੋ ਤੇ ਨਸ਼ਾ ਸਮਗਲਰਾਂ ਨੂੰ ਜੇਲ੍ਹੀਂ ਡੱਕੋ।
ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕਰੋ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮਾਂ 50% ਫਾਰਮੂਲੇ ਮੁਤਾਬਕ ਮਿਥੋ ਤੇ ਪੂਰੀ ਖਰੀਦ ਦੀ ਗਰੰਟੀ ਕਰੋ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ। ਉਹਨਾਂ ਦੱਸਿਆ ਕਿ ਅਗਲੇ ਪੜਾਅ ‘ਤੇ 31 ਜਥੇਬੰਦੀਆਂ ਦੇ ਸੱਦੇ ‘ਤੇ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਲਾਏ ਜਾਣ ਵਾਲੇ ਰੇਲ ਜਾਮ ਵੀ ਪੂਰੀ ਤਰ੍ਹਾਂ ਕਾਮਯਾਬ ਕੀਤੇ ਜਾਣਗੇ। ਸ਼ਹੀਦੇਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਥਾਂ-ਥਾਂ ਭਰਵੀਆਂ ਨੌਜਵਾਨ ਮੀਟਿੰਗਾਂ ਕਰਕੇ ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂੰ ਕਰਵਾਇਆ ਜਾਵੇਗਾ ਅਤੇ ਕਿਸਾਨ ਲਹਿਰ ਨੂੰ ਇਨਕਲਾਬੀ ਰੰਗਤ ਚਾੜ੍ਹਨ ਰਾਹੀਂ ਲੁਟੇਰੇ ਰਾਜ ਪ੍ਰਬੰਧ ਵਿਰੁੱਧ ਵਿਸ਼ਾਲ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਸੰਬੰਧੀ ਜਥੇਬੰਦੀ ਵੱਲੋਂ ਇੱਕ ਲੱਖ ਦੀ ਗਿਣਤੀ ‘ਚ ਹਥ ਪਰਚਾ ਛਾਪ ਕੇ ਨੌਜਵਾਨਾਂ ਤੱਕ ਪਹੁੰਚਾਇਆ ਜਾਵੇਗਾ।