ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੈਟ੍ਰੋਲ ਡੀਜ਼ਲ ਗੈਸ ਦੇ ਰੇਟਾਂ ‘ਚ ਭਾਰੀ ਵਾਧਾ ਵਾਪਸ ਲੈਣ ਦੀ ਮੰਗ

TeamGlobalPunjab
3 Min Read

 ਚੰਡੀਗੜ੍ਹ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਇਕਜੁੱਟਤਾ ਬਣਾ ਕੇ ਪੰਜਾਬ ‘ਚ 42 ਥਾਂਵਾਂ ‘ਤੇ 154 ਦਿਨਾਂ ਤੋਂ ਮੋਦੀ ਭਾਜਪਾ ਹਕੂਮਤ ਵਿਰੁੱਧ ਚੱਲ ਰਹੇ ਦਿਨ-ਰਾਤ ਦੇ ਧਰਨਿਆਂ ਵਿੱਚ ਅੱਜ ਪੈਟ੍ਰੋਲ ਡੀਜ਼ਲ ਗੈਸ ਦੇ ਰੇਟਾਂ ਵਿੱਚ ਕੰਪਨੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਭਾਰੀ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਥਾਂ ਥਾਂ ਮਤੇ ਪਾਸ ਕਰਕੇ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਵੱਲੋਂ ਕੰਪਨੀਆਂ ਨੂੰ ਮਨਮਰਜ਼ੀ ਨਾਲ ਰੇਟ ਵਧਾਉਣ ਦੀ ਖੁੱਲ੍ਹੀ ਛੁੱਟੀ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ,ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕੀਤੇ ਜਾਣ। ਸਾਰੀਆਂ ਫਸਲਾਂ ਦੇ ਲਾਹੇਵੰਦ ਐਮ ਐਸ ਪੀ ਮਿਥ ਕੇ ਸਾਰੇ ਦੇਸ਼ ‘ਚ ਪੂਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇ। ਲਾਲ ਕਿਲ੍ਹੇ ਦੀ ਸਰਕਾਰੀ ਸਾਜਸ਼ ਮੌਕੇ ਪੁਲਸੀ ਹਮਲੇ ‘ਚ ਸ਼ਹੀਦ ਹੋਏ ਨਵਰੀਤ ਸਿੰਘ ਅਤੇ ਘੋਲ਼ ਦੌਰਾਨ ਹੁਣ ਤੱਕ ਸ਼ਹੀਦ ਹੋਏ 250 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਸਾਜ਼ਿਸ਼ ਅਧੀਨ ਸੈਂਕੜੇ ਕਿਸਾਨਾਂ ਅਤੇ ਕਿਸਾਨ ਆਗੂਆਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਬੁਲਾਰਿਆਂ ਨੇ ਪੂਰੇ ਦੇਸ਼ ਦੇ ਲੱਖਾਂ ਕਿਸਾਨਾਂ ਦੇ ਮਹੀਨਿਆਂ ਬੱਧੀ ਸ਼ਾਂਤਮਈ ਅੰਦੋਲਨ ਅਤੇ ਕ੍ਰੋੜਾਂ ਕਿਸਾਨਾਂ ਕਿਰਤੀਆਂ ਦੀ ਡਟਵੀਂ ਹਿਮਾਇਤ ਵਾਲੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਸਾਮਰਾਜੀ ਕਾਰਪੋਰੇਟਾਂ ਦੇ ਵਾਰੇ ਨਿਆਰੇ ਕਰਨ ‘ਤੇ ਤੁਲੀ ਹੋਈ ਮੋਦੀ ਭਾਜਪਾ ਹਕੂਮਤ ਵਿਰੁੱਧ ਹੋਰ ਵਧੇਰੇ ਜੋਸ਼ ਤੇ ਉਤਸ਼ਾਹ ਨਾਲ ਧਰਨਿਆਂ ਦੀਆਂ ਲਾਮਬੰਦੀਆਂ ਵਧਾਉਣ ਦਾ ਸੱਦਾ ਦਿੱਤਾ। ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਟਿਕਰੀ ਬਾਰਡਰ ਵਿਖੇ ਕੀਤੀ ਜਾ ਰਹੀ ਔਰਤ ਮਹਾਂ ਰੈਲੀ ਲਈ ਪਿੰਡ ਪਿੰਡ ਤਿਆਰੀ ਮੁਹਿੰਮ ਤੇਜ਼ ਕਰਨ ਅਤੇ ਪਿੰਡ ਪਿੰਡ ਔਰਤਾਂ ਦੇ ਚੇਤਨਾ ਮਾਰਚ ਕਰਕੇ ਵੱਧ ਤੋਂ ਵੱਧ ਔਰਤਾਂ ਸ਼ਾਮਲ ਕਰਨ ਲਈ 7 ਮਾਰਚ ਨੂੰ ਔਰਤ ਕਾਫਲਿਆਂ ਦੀਆਂ ਦਿੱਲੀ ਵੱਲ ਵਹੀਰਾਂ ਘੱਤਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ। ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਚਮਕੌਰ ਸਿੰਘ ਨੈਣੇਵਾਲ, ਜਗਤਾਰ ਸਿੰਘ ਕਾਲਾਝਾੜ, ਸੁਖਜੀਤ ਸਿੰਘ ਕੋਠਾਗੁਰੂ, ਸਰੋਜ ਕੁਮਾਰੀ ਦਿਆਲਪੁਰਾ, ਹਰਪ੍ਰੀਤ ਕੌਰ ਜੇਠੂਕੇ, ਸੁਨੀਲ ਕੁਮਾਰ ਭੋਡੀਪੁਰਾ ਆਦਿ ਸ਼ਾਮਲ ਸਨ। ਬੁਲਾਰਿਆਂ ਵੱਲੋਂ ਮਜਦੂਰ ਕਿਸਾਨ ਏਕਤਾ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ 15 ਮਾਰਚ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਬਠਿੰਡਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਤੇ ਮੁਜ਼ਾਹਰੇ ਦੀਆਂ ਤਿਆਰੀਆਂ ਅਤੇ ਆਵਾਜਾਈ ਪ੍ਰਬੰਧਾਂ ਵਿੱਚ ਖੇਤ ਮਜ਼ਦੂਰਾਂ ਨਾਲ ਖੁੱਲ੍ਹ ਕੇ ਹੱਥ ਵਟਾਉਣ ਦਾ ਸੱਦਾ ਵੀ ਦਿੱਤਾ ਗਿਆ।

Share this Article
Leave a comment