ਭਾਰਤ ਬੰਦ ਨੂੰ ਪੰਜਾਬ ’ਚ ਮਿਲ ਰਿਹੈ ਭਰਵਾਂ ਹੁੰਗਾਰਾ

TeamGlobalPunjab
2 Min Read

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ‘ਚ ਅੱਜ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੜਕੀ ਆਵਾਜਾਈ ਸਮੇਤ ਰੇਲ ਸੇਵਾਵਾਂ ਬੰਦ ਹਨ, ਉਥੇ ਹੀ ਬਜ਼ਾਰਾਂ ਵਿੱਚ ਸੁੰਨਸਾਨ ਪਸਰੀ ਹੈ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਥਾਂ- ਥਾਂ ਨਾਅਰੇਬਾਜ਼ੀ ਹੋ ਰਹੀ ਹੈ। ਇਹ ਬੰਦ ਸਵੇਰ 6 ਵਜੇ ਤੋਂ ਸ਼ੁਰੂ ਹੁੰਦਾ ਹੋਇਆ ਸ਼ਾਮ 6 ਵਜੇ ਤੱਕ ਚੱਲੇਗਾ। ਜਿਸ ਕਾਰਨ ਸੜਕ ਤੇ ਰੇਲ ਆਵਾਜਾਈ ਠੱਪ ਰਹੇਗੀ ਤੇ ਬਾਜ਼ਾਰ ਬੰਦ ਰਹਿਣਗੇ।

ਭਾਰਤ ਬੰਦ ਤਹਿਤ ਅੱਜ ਕੌਮੀ ਮਾਰਗ ਨੰਬਰ 7 ਚੰਡੀਗੜ੍ਹ -ਬਠਿੰਡਾ ਉੱਪਰ ਸੁੰਨਸਾਨ ਪਸਰ ਗਈ ਹੈ।

ਲੁਧਿਆਣਾ ‘ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਹਨ। ਉੱਥੇ ਹੀ, ਲੁਧਿਆਣਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵਲੋਂ ਸੜਕਾਂ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪਠਾਨਕੋਟ – ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਨੇੜੇ ਚੱਕੀ ਪੁਲ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਇਕੱਠ ਕਰ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਜਸਵੰਤ ਸਿੰਘ ਰਾਣੀਪੁਰ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਬੰਦ ਦੇ ਸੱਦੇ ਨੂੰ ਇਤਿਹਾਸਿਕ ਨਗਰ ਤਲਵੰਡੀ ਸਾਬੋ ‘ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਮਲੋਟ ਵਿਚ ਕਿਸਾਨ ਜਥੇਬੰਦੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਵਿਖੇ ਰੋਸ ਧਰਨਾ ਲਾਇਆ ਗਿਆ। ਇਸ ਦੇ ਨਾਲ ਹੀ ਬਾਜ਼ਾਰ ਵੀ ਪੂਰਨ ਤੌਰ ‘ਤੇ ਬੰਦ ਰਹੇ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਬੰਦ ਨਜ਼ਰ ਆਈਆਂ।

ਹੁਸ਼ਿਆਰਪੁਰ ‘ਚ ਵੀ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ। ਬੰਦ ਦੌਰਾਨ ਹੁਸ਼ਿਆਰਪੁਰ ਸ਼ਹਿਰ ਮੁਕੰਮਲ ਤੌਰ ‘ਤੇ ਬੰਦ । ਇਸੇ ਤਹਿਤ ਹੀ ਹੁਸ਼ਿਆਰਪੁਰ ਪੁਲੀਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਸੰਘਰਸ਼ ਮਜ਼ਦੂਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਆਵਾਜਾਈ ਨੂੰ ਰੋਕ ਕੇ ਵਿਸ਼ਾਲ ਧਰਨਾ ਲਾਇਆ ਗਿਆ, ਇਸ ਧਰਨੇ ਚ ਛੋਟੇ ਬੱਚਿਆਂ ,ਔਰਤਾਂ ਅਤੇ ਬਜ਼ੁਰਗਾਂ ਨੇ ਵੱਧ ਚੜ ਕੇ ਹਿੱਸਾ ਲਿਆ।

Share This Article
Leave a Comment