ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸੂਬਾਈ ਮੀਟਿੰਗ ਵਿੱਚ ‘ਦਿੱਲੀ ਮੋਰਚਾ ਮੁਹਿੰਮ ਕਮੇਟੀ ਪੰਜਾਬ’ ਦਾ ਗਠਨ

TeamGlobalPunjab
3 Min Read

ਚੰਡੀਗੜ੍ਹ:ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਮਾਛੀਕੇ (ਮੋਗਾ) ਵਿਖੇ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਵਧਵੀਂ ਮੀਟਿੰਗ ਵਿੱਚ ਅੱਜ “ਦਿੱਲੀ ਮੋਰਚਾ ਮੁਹਿੰਮ ਕਮੇਟੀ ਪੰਜਾਬ” ਦਾ ਗਠਨ ਕੀਤਾ ਗਿਆ। ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ ਜਗਤਾਰ ਸਿੰਘ ਕਾਲਾਝਾੜ,ਸਰੋਜ ਦਿਆਲਪੁਰਾ, ਸੁਖਜੀਤ ਸਿੰਘ ਕੋਠਾਗੁਰੂ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਨੂੰ ਸ਼ਾਮਲ ਕਰਨ ਦੀ ਚੋਣ ਮੀਟਿੰਗ ਵਿੱਚ ਸ਼ਾਮਲ 15 ਜਿਲ੍ਹਿਆਂ ਤੋਂ 12 ਔਰਤਾਂ ਸਮੇਤ 125 ਕਿਸਾਨ ਆਗੂਆਂ ਤੇ ਕਾਰਕੁਨਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ।

ਮੀਟਿੰਗ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦ੍ਰਿੜ੍ਹ ਨਿਸ਼ਚਾ ਜ਼ਾਹਰ ਕੀਤਾ ਗਿਆ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਇਹ ਕੁਰਬਾਨੀ ਦਿੱਲੀ ਮੋਰਚੇ ‘ਚ ਡਟੇ ਲੋਕਾਂ ਦੇ ਰੋਹ ਨੂੰ ਹੋਰ ਜ਼ਰ੍ਹਬਾਂ ਦੇ ਰਹੀ ਹੈ ਅਤੇ ਸ਼ਹੀਦਾਂ ਦੇ ਵਾਰਿਸ ਸਿਦਕਦਿਲੀ ਨਾਲ ਇਨ੍ਹਾਂ ਸ਼ਹੀਦਾਂ ਦੇ ਵਿਛੋੜੇ ਦੇ ਗਮ ਨੂੰ ਰੋਹ ਵਿੱਚ ਪਲਟਣਗੇ। 20 ਤੋਂ 23 ਦਸੰਬਰ ਤੱਕ ਪਿੰਡ-ਪਿੰਡ ਬੱਚਾ ਬੱਚਾ ਸ਼ਾਮਲ ਕਰਕੇ ਸ਼ਰਧਾਂਜਲੀ ਇਕੱਤਰਤਾਵਾਂ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤੇ ਜਾਣਗੇ। ਲਗਭਗ1500 ਪਿੰਡਾਂ ਵਿੱਚ ਅਜਿਹੇ ਸ਼ਰਧਾਂਜਲੀ ਮਾਰਚ ਕਰਨ ਉਪਰੰਤ 24 ਦਸੰਬਰ ਨੂੰ ਬਲਾਕ ਪੱਧਰੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ।

ਦਿੱਲੀ ਮੋਰਚੇ ਨੂੰ ਹੋਰ ਸਿਖਰਾਂ ‘ਤੇ ਪਹੁੰਚਾਉਣ ਲਈ ਮੋਰਚੇ ਦੇ ਸ਼ੁਰੂ ਹੋਣ ਤੋਂ ਪੂਰੇ ਇੱਕ ਮਹੀਨੇ ਬਾਅਦ ਭਾਵ 26 ਦਸੰਬਰ ਨੂੰ ਖਨੌਰੀ ਬਾਰਡਰ ਤੋਂ ਅਤੇ 27 ਦਸੰਬਰ ਨੂੰ ਡੱਬਵਾਲੀ ਬਾਰਡਰ ਤੋਂ ਘੱਟੋ-ਘੱਟ 15,15 ਹਜ਼ਾਰ ਦੇ ਜੱਥੇ ਦਿੱਲੀ ਵੱਲ ਰਵਾਨਾ ਕੀਤੇ ਜਾਣਗੇ। ਕੜਾਕੇ ਦੀ ਠੰਢ ਵਿੱਚ ਵੀ ਮੁਲਕ ਭਰ ਦੇ ਲੱਖਾਂ ਕਿਸਾਨਾਂ ਵੱਲੋਂ ਕਾਰਪੋਰੇਟਾਂ ਦੀ ਚੌਕੀਦਾਰ ਮੋਦੀ ਹਕੂਮਤ ਦੁਆਰਾ ਮੜ੍ਹੇ ਜਾ ਰਹੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਲੱਖਾਂ ਦੀ ਤਾਦਾਦ ਵਿੱਚ ਸੜਕਾਂ ‘ਤੇ ਨਿੱਤਰੇ ਕਿਸਾਨਾਂ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਯੋਧਿਆਂ ਦੀ ਮੀਟਿੰਗ ਵਿੱਚ ਜੈ-ਜੈਕਾਰ ਕੀਤੀ ਗਈ। ਮੁਲਕ ਦੇ ਬੁੱਧੀਜੀਵੀ ਤੇ ਹੋਰ ਜਮਹੂਰੀ ਹਿੱਸੇ ਵੀ ਇਨ੍ਹਾਂ ਕਾਨੂੰਨਾਂ ਨੂੰ ਸਮਾਜ ਵਿਰੋਧੀ ਤੇ ਕਿਸਾਨ ਵਿਰੋਧੀ ਕਰਾਰ ਦੇ ਕੇ ਕਿਸਾਨਾਂ ਦੇ ਪੱਖ ਵਿੱਚ ਡਟੇ ਹੋਏ ਹਨ ਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਇਨ੍ਹਾਂ ਪੰਜੇ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ, ਪੂਰੇ ਮੁਲਕ ਵਿਚ ਸਭਨਾਂ ਫ਼ਸਲਾਂ ਦੀ ਐੱਮ ਐੱਸ ਪੀ ਉੱਪਰ ਸਰਕਾਰੀ ਖ਼ਰੀਦ ਦਾ ਕਾਨੂੰਨੀ ਹੱਕ ਅਤੇ ਸਰਵਜਨਕ ਪੀ ਡੀ ਐਸ ਵਰਗੀਆਂ ਮੰਗਾਂ ਲਾਗੂ ਕਰਵਾਉਣ ਲਈ ਅੰਤਮ ਦਮ ਤੱਕ ਡਟੇ ਰਹਿਣਗੇ।

Share this Article
Leave a comment