ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਰਵਾਇਤੀ ਆਗੂਆਂ ਨੂੰ ਪਿੱਛੇ ਛੱਡਦੇ ਹੋਏ ਪੰਜਾਬ ਦੀ ਰਾਜਨੀਤੀ ਨੂੰ ਮੌਸਮ ਦੀ ਸੀਤ ਲਹਿਰ ਵਿੱਚ ਵੀ ਪੂਰੀ ਤਰਾਂ ਗਰਮਾਇਆ ਹੋਇਆ ਹੈ। ਪੰਜਾਬ ਦੀਆਂ ਰਵਾਇਤੀ ਧਿਰਾਂ ਦੇ ਆਗੂਆਂ ਦੇ ਬਿਆਨਾਂ ਅਤੇ ਬੋਲਾਂ ਵਿੱਚ ਰਾਜਸੀ ਖੜੋਤ ਨੂੰ ਤੋੜਨ ਲਈ ਆਪਣੇ ਵਿਰੋਧੀਆਂ ਨੂੰ ਚੁਣੌਤੀ ਦੇਣ ਵਾਲਾ ਦਮ ਜਾਂ ਤਾਕਤ ਇਸ ਕਦਰ ਨਹੀਂ ਹੈ ਕਿ ਪੰਜਾਬੀ ਉਸ ਨੂੰ ਭਰਵਾਂ ਹੁੰਗਾਰਾ ਦੇਣ। ਹਾਲਾਂਕਿ ਮਾਨ ਅਤੇ ਸਿੱਧੂ ਦੋਵੇਂ ਵੱਖਰੋ ਵੱਖਰੀ ਬੋਲੀ ਬੋਲਦੇ ਹਨ ਅਤੇ ਦੋਹਾਂ ਦੀਆਂ ਆਪੋ ਆਪਣੀਆਂ ਪਾਰਟੀਆਂ ਹਨ ਅਤੇ ਦੋਵੇਂ ਇੱਕ ਦੂਜੇ ਵਿਰੁੱਧ ਬੋਲਣ ਦਾ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੇ। ਦੋਵੇਂ ਜਦੋਂ ਬੋਲਦੇ ਹਨ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਹਲਚੱਲ ਪੈਦਾ ਕਰ ਦਿੰਦੇ ਹਨ।
ਮੁੱਖ ਮੰਤਰੀ ਮਾਨ ਰਵਾਇਤੀ ਪਾਰਟੀਆਂ ਦੇ ਵਿਰੋਧੀਆਂ ਤੇ ਟਿਕਾ ਕੇ ਹਮਲਾ ਕਰਦੇ ਹਨ। ਮਾਨ ਦਾ ਕਹਿਣਾ ਹੈ ਕਿ 25 ਸਾਲ ਪੰਜਾਬ ਉੱਤੇ ਕੇਵਲ ਦੋ ਆਗੂਆਂ ਨੇ ਰਾਜ ਕੀਤਾ। ਇਨਾਂ ਆਗੂਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹਨ। ਉਨਾਂ ਦਾ ਦੋਸ਼ ਹੈ ਕਿ ਇਹ ਦੋਹਾਂ ਆਗੂਆਂ ਦੇ ਸਮੇਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਬਦਲਾਵ ਲਿਆਂਦਾ ਹੈ। ਇਹ ਬਦਲਾਵ ਹੁਣ ਰਵਾਇਤੀ ਆਗੂਆਂ ਨੂੰ ਰਾਸ ਨਹੀਂ ਆ ਰਿਹਾ। ਪਹਿਲਾਂ ਇਨਾਂ ਆਗੂਆਂ ਦੇ ਬੱਚੇ ਹੀ ਰਾਜਨੀਤੀ ਵਿੱਚ ਅੱਗੇ ਆਉਂਦੇ ਸਨ ਪਰ ਹੁਣ ਆਮ ਘਰਾਂ ਦੇ ਬੱਚੇ ਅੱਗੇ ਆ ਗਏ ਹਨ ਤਾਂ ਰਵਾਇਤੀ ਆਗੂਆਂ ਨੂੰ ਤਕਲੀਫ ਹੁੰਦੀ ਹੈ। ਗਣਤੰਤਰ ਦਿਵਸ ਲਈ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕਰਨ ਬਾਰੇ ਮੁੱਖ ਮੰਤਰੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਲਗਾਤਾਰ ਘੇਰ ਰਹੇ ਹਨ। ਹੁਣ ਝਾਕੀਆਂ ਬਾਰੇ ਭਾਜਪਾ ਆਗੂਆਂ ਨੂੰ ਜਵਾਬ ਦੇਣੇ ਮੁਸ਼ਕਲ ਹੋ ਰਹੇ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਦੂਹਰੀ ਲੜਾਈ ਲੜ ਰਹੇ ਹਨ। ਸਿੱਧੂ ਦੀਆਂ ਰੈਲੀਆਂ ਦਾ ਕਾਂਗਰਸ ਦੇ ਹੀ ਕਈ ਵੱਡੇ ਆਗੂ ਵਿਰੋਧ ਕਰ ਰਹੇ ਹਨ ਅਤੇ ਕਈ ਆਗੂ ਆਖ ਰਹੇ ਹਨ ਕਿ ਸਿੱਧੂ ਪਾਰਟੀ ਵਿਰੋਧੀ ਸਰਗਰਮੀਆਂ ਕਰ ਰਹੇ ਹਨ। ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਹਿਤ ਵਿੱਚ ਕਾਂਗਰਸ ਦੀ ਮਜਬੂਤੀ ਲਈ ਰੈਲੀਆਂ ਕਰ ਰਹੇ ਹਨ ਤਾਂ ਕਈ ਆਗੂਆਂ ਨੂੰ ਢਿੱਡ ਪੀੜ ਕਿਉਂ ਹੋ ਰਿਹਾ ਹੈ। ਉਹ ਆਖਦੇ ਹਨ ਕਿ ਕਾਂਗਰਸੀ ਵਰਕਰ ਹਨ ਅਤੇ ਸਦਾ ਕਾਂਗਰਸੀ ਵਰਕਰ ਰਹਿਣਗੇ।ਮੀਡੀਆ ਦੇ ਇੱਕ ਹਿੱਸੇ ਵਲੋਂ ਇਸ ਮਾਮਲੇ ਨੂੰ ਸੁਰਖੀਆਂ ਵਿੱਚ ਲਿਆ ਜਾ ਰਿਹਾ ਹੈ।
ਦੋਵੇਂ ਆਗੂ ਆਪਸ ਵਿੱਚ ਇਕ ਦੂਜੇ ਬਾਰੇ ਬੋਲਣ ਵਿੱਚ ਕੋਈ ਕਸਰ ਨਹੀਂ ਛਡਦੇ। ਪਿਛਲੇ ਦਿਨੀਂ ਸਿੱਧੂ ਨੇ ਮਾਨ ਅਤੇ ਮੁੱਖ ਮੰਤਰੀ ਕੇਜਰੀਵਾਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਤਾਂ ਮਾਨ ਨੇ ਵੀ ਮੋੜਵਾਂ ਜਵਾਬ ਦਿੱਤਾ ਕਿ ਵਿਰੋਧੀ ਤੜਕੇ ਉੱਠਕੇ ਹੀ ਉਸ ਨੂੰ ਗਾਲਾਂ ਕੱਢਣ ਲੱਗ ਪੈਂਦੇ ਹਨ। ਜੋ ਮਰਜੀ ਆਖਣ ਪਰ ਦੋਵੇਂ ਆਗੂ ਵਿਰੋਧੀ ਖੇਮਿਆਂ ਵਿੱਚ ਖੜੇ ਹਨ ਪਰ ਦੋਹਾਂ ਦੀ ਗੱਲ ਪੰਜਾਬ ਦੀ ਰਾਜਨੀਤੀ ਅਤੇ ਮੀਡੀਆ ਵਿਚ ਹਲਚੱਲ ਪੈਦਾ ਕਰ ਜਾਂਦੀ ਹੈ।
ਸੰਪਰਕ: 9814002186