ਮੋਗਾ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਹੌਂਸਲੇ ਕਾਫੀ ਬੁਲੰਦ ਦਿਖਾਈ ਦੇ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਬੜੇ ਹੀ ਜੋਸ਼ ਨਾਲ ਜਿੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਆਪਣੇ ਵਿਰੋਧੀਆਂ ‘ਤੇ ਖੂਬ ਨਿਸ਼ਾਨੇ ਲਗਾਏ ਜਾ ਰਹੇ ਹਨ। ਜੇਕਰ ਗੱਲ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਚਲਦੀ ਹੋਵੇ ਤਾ ਉਹ ਤਾਂ ਹਰ ਦਿਨ ਹੀ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਂਦੇ ਹਨ। ਅੱਜ ਇੱਕ ਵਾਰ ਫਿਰ ਮਾਨ ਨੇ ਆਪਣੀਆਂ ਵਿਰੋਧੀਆਂ ਖਿਲਾਫ ਸਖਤ ਬਿਆਨਬਾਜੀ ਕੀਤੀ ਹੈ। ਮਾਨ ਨੇ ਬੋਲਦਿਆਂ ਕਾਂਗਰਸ ਪਾਰਟੀ ਨੂੰ ਜੀਰੋ ਐਲਾਨ ਦਿੱਤਾ ਹੈ।
ਦਰਅਸਲ ਮਾਨ ਦਿੱਲੀ ਅੰਦਰ ਹੋਈ ਆਪਣੀ ਜਿੱਤ ਬਾਰੇ ਬੋਲਦਿਆਂ ਕਹਿ ਰਹੇ ਸਨ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਉਲਟ ਕੰਮ ਦੇ ਅਧਾਰ ‘ਤੇ ਵੋਟਾਂ ਮੰਗੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕੂਲਰ ਪਾਰਟੀ ਹੈ ਤੇ ਕਾਂਗਰਸੀ ਪਾਰਟੀ ਜੀਰੋ ਹੈ।
ਭਗਵੰਤ ਮਾਨ ਨੇ ਬਿਜਲੀ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਬਿਜਲੀ ਪੈਦਾ ਨਹੀਂ ਹੁੰਦੀ ਅਤੇ ਉਹ ਬਾਹਰੀ ਰਾਜਾਂ ਤੋਂ ਬਿਜਲੀ ਖਰੀਦ ਕੇ ਇੰਨੀ ਸਸਤੀ ਦੇ ਰਿਹਾ ਹੈ ਪਰ ਪੰਜਾਬ ਵਿੱਚ ਬਿਜਲੀ ਪੈਦਾ ਹੁੰਦੀ ਹੈ ਤਾਂ ਵੀ ਇੰਨੀ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਕੀਤੇ ਗਏ ਸਮਝੌਤੇ ਰੱਦ ਕਿਉਂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਇਸੇ ਲਈ ਹੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਨਾ ਹੋਣ ‘ਤੇ ਵੀ ਸਵਾਲ ਖੜ੍ਹੇ ਕੀਤੇ। ਮਾਨ ਨੇ ਕਿਹਾ ਕਿ ਸੂਬੇ ਦੇ ਹਾਲਾਤ ਇਹ ਹਨ ਕਿ ਸਕੂਲਾਂ ਵਿੱਚ ਅਧਿਆਪਕ ਨਹੀਂ ਤੇ ਸਕੂਲ ਦੇ ਅੱਗੇ ਟੈਂਕੀ ‘ਤੇ ਟੈੱਟ ਪਾਸ ਅਤੇ ਬੀਐੱਡ ਪਾਸ ਅਧਿਆਪਕ ਚੜ੍ਹੇ ਬੈਠੇ ਹਨ।