-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
ਮੁਲਕ ਅੰਦਰ ਪਸਰੀ ਬੇਈਮਾਨੀ, ਮਤਲਬਪ੍ਰਸਤੀ, ਧਾਰਮਿਕ ਸੰਕੀਰਣਤਾ ਅਤੇ ਲੁੱਟ-ਖਸੁੱਟ ਨੂੰ ਖ਼ਤਮ ਕਰਨ ਲਈ ਅੱਜ ਮੁੜ ਤੋਂ ਭਗਤ ਸਿੰਘ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਪਰ ਕੌੜਾ ਸੱਚ ਤਾਂ ਇਹ ਹੈ ਕਿ ਭਗਤ ਸਿੰਘ ਆਪਣੀ ਨਿੱਕੀ ਜਿਹੀ ਜ਼ਿੰਦਗੀ ਵਿਚ ਕਈ ਵੱਡੇ ਕੰਮ ਕਰ ਕੇ ਸ਼ਹੀਦੀ ਜਾਮ ਪੀ ਚੁੱਕਿਆ ਹੈ। ਹੁਣ ਉਸਨੇ ਮੁੜ ਕੇ ਕਦੇ ਨਹੀਂ ਪਰਤਣਾ ਹੈ।
ਅੱਜ ਸੜ੍ਕਾਂ ਉੱਤੇ, ਬੱਸਾਂ ਵਿਚ, ਸਕੂਲਾਂ, ਕਾਲਜਾਂ, ਹੋਸਟਲਾਂ ਤੇ ਘਰਾਂ ਵਿਚ ਮਾਸੂਮ ਬੱਚੀਆਂ, ਜਵਾਨ ਕੁੜੀਆਂ ਅਤੇ ਬਜ਼ੁਰਗ ਔਰਤਾਂ ਨਾਲ ਚਿੱਟੇ ਦਿਨੀਂ ਬਲਾਤਕਾਰ ਹੋ ਰਹੇ ਹਨ ਤੇ ਤਾਕਤ ਨਾਲ ਭਰਪੂਰ ਆਪਣੇ ਡੌਲ੍ਹਿਆਂ ‘ਤੇ ਟੈਟੂ ਪੁਆਈ ਬੈਠੇ ਅਜੋਕੇ ਨੌਜਵਾਨ ਅਜੇ ਵੀ ਭਗਤ ਸਿੰਘ ਨੂੰ ਹੀ ਉਡੀਕ ਰਹੇ ਹਨ।
ਅੱਜ ਬੇਪੱਤੀ ਅਤੇ ਜ਼ੁਲਮ ਦਾ ਸ਼ਿਕਾਰ ਹੋਈਆਂ ਬੱਚੀਆਂ ਦੀ ਪੁਕਾਰ ਪੁਲਿਸ ਨਹੀਂ ਸੁਣਦੀ ਹੈ। ਅੱਜ ਬੇਪੱਤ ਹੋਈਆ ਧੀਆਂ ਦੀ ਪੱਤ ਦਾ ਪੱਤਾ ਖੇਡ ਕੇ ਸਿਆਸੀ ਲੀਡਰ ਸਿਆਸੀ ਰੋਟੀਆਂ ਸੇਕਦੇ ਹਨ ਅਤੇ ਸੱਤਾ ‘ ਤੇ ਕਾਬਜ਼ ਧਿਰ ਆਪਣੀ ਤਾਕਤ ਵਰਤ ਕੇ ਸੱਚ ਦੀ ਆਵਾਜ਼ ਨੂੰ ਖ਼ਾਮੋਸ਼ ਕਰ ਦਿੰਦੀ ਹੈ ਪਰ ਸਾਡੇ ਅਤਿ ਪੜ੍ਹੇ – ਲਿਖੇ ਤੇ ਅਖੌਤੀ ਸੂਝਵਾਨ ਨੌਜਵਾਨਾਂ ਤੋਂ ਕੁਝ ਵੀ ਨਹੀਂ ਸਰਦਾ ਹੈ ਤੇ ਉਹ ਖ਼ਾਮੋਸ਼ ਤਮਾਸ਼ਾਈ ਬਣ ਕੇ ਭਗਤ ਸਿੰਘ ਦੇ ਮੁੜ ਆਉਣ ਦੀ ਰਾਹ ਤੱਕਦੇ ਰਹਿੰਦੇ ਹਨ।
ਅੱਜ ਕਰੋੜਾਂ – ਅਰਬਾਂ ਰੁਪਿਆਂ ਦੇ ਘੁਟਾਲੇ ਕਰ ਕੇ ਸਾਡੇ ਰਾਜਨੇਤਾ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋ ਜਾਂਦੇ ਹਨ ਤੇ ਕਾਨੂੰਨ ਨੂੰ ਆਪਣੀ ਕੱਛ ਹੇਠ ਰੱਖ ਕੇ ਸੱਤਾ ਦਾ ਸੁੱਖ ਭੋਗਦੇ ਹਨ ਪਰ ਸਾਡੇ ਅਣਖੀਲੇ ਨੌਜਵਾਨ ਬੇਈਮਾਨੀ ਖਿਲਾਫ਼ ਜੇਹਾਦ ਛੇੜਨ ਜਾਂ ਵੋਟ ਦੀ ਤਾਕਤ ਸਦਕਾ ਬੇਈਮਾਨ ਅਤੇ ਚੱਰਿੱਤਰਹੀਣ ਰਾਜਨੇਤਾਵਾਂ ਨੂੰ ਸਹੀ ਸਬਕ ਸਿਖਾਉਣ ਦੀ ਥਾਂ ਅਜੇ ਵੀ ਭਗਤ ਸਿੰਘ ਨੂੰ ਉਡੀਕੀ ਜਾਂਦੇ ਹਨ।
ਨਸ਼ਿਆ ਦੇ ਲਬਾਲਬ ਵਗਦੇ ਦਰਿਆ ਵਿਚ ਪੰਜਾਬ ਸਣੇ ਸਮੁੱਚੇ ਭਾਰਤ ਦੀ ਨੌਜੁਆਨੀ ਗ਼ਰਕ ਹੁੰਦੀ ਜਾ ਰਹੀ ਹੈ। ਨਸ਼ੇ ਦੇ ਸੌਦਾਗਰਾਂ ਨੇ ਪੁਲਿਸ ਅਤੇ ਸਿਆਸਤ ਦੀਆਂ ‘ਕਾਲੀਆਂ ਭੇਡਾਂ’ ਨਾਲ ਹੱਥ ਮਿਲਾ ਰੱਖੇ ਹਨ। ਅੱਜ ਨਸ਼ਿਆਂ ਦੇ ਮਕੜਜਾਲ ਕਾਰਨ ਘਰਾਂ ‘ਚ ਸੱਥਰ ਵਿਛ ਰਹੇ ਹਨ ਤੇ ਚੋਰੀ, ਡਕੈਤੀ, ਕਤਲ ਆਦਿ ਨਾਲ ਜੁੜੀਆਂ ਘਟਨਾਵਾਂ ਦੀ ਸੂਚੀ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ ਪਰ ਹੱਥ ‘ਤੇ ਹੱਥ ਧਰ ਕੇ ਬੈਠੇ ਅਜੋਕੇ ਗੱਭਰੂ ਅਜੇ ਵੀ ਭਗਤ ਸਿੰਘ ਨੂੰ ਹੀ ਹਾਕਾਂ ਮਾਰ ਰਹੇ ਹਨ।
ਅੱਜ ਵਿੱਦਿਆ, ਵਿਚਾਰ, ਦੀ ਥਾਂ ‘ਵਪਾਰ’ ਦਾ ਸਾਧਨ ਬਣ ਗਈ ਹੈ। ਵਿਦਿਅਕ ਸੰਸਥਾਵਾਂ ਦਾਨਿਸ਼ਵਰ ਵਿਦਵਾਨਾਂ ਦੀ ਥਾਂ ਹੁਣ ਪੈਸੇ ਦੇ ਲੋਭੀ ਸਰਮਾਏਦਾਰਾਂ ਦੇ ਹੱਥਾਂ ‘ਚ ਚਲੀਆਂ ਗਈਆਂ ਹਨ ਤੇ ਅਮੀਰ ਅਤੇ ਗਰੀਬ ਦੇ ਦਰਮਿਆਨ ਪਾੜਾ ਹੁਣ ਹੋਰ ਵੱਡਾ ਤੇ ਡੂੰਘਾ ਹੋ ਗਿਆ ਹੈ। ਅੱਜ ਵਤਨ ਦੇ ਅੰਦਰ ਮੈਡੀਕਲ ਤੇ ਇੰਜੀਨਿਅਰਿੰਗ ਵਿਸ਼ਿਆਂ ਨਾਲ ਜੁੜੀਆਂ ਸੰਸਥਾਵਾਂ ਦੀ ਭਰਮਾਰ ਹੈ ਪਰ ਬੇਰੁਜ਼ਗਾਰੀ ਅਤੇ ਸ਼ੋਸ਼ਣ ਦੀਆਂ ਠੋਕਰਾਂ ਖਾਣ ਦੇ ਨਾਲ ਨਾਲ ਸਾਡੇ ਨੌਨਿਹਾਲਾਂ ਨੂੰ ਬੇਗਾਨੇ ਮੁਲਕਾਂ ‘ ਚ ਜਾ ਕੇ ਚਾਕਰੀ ਕਰਨੀ ਪੈ ਰਹੀ ਹੈ ਪਰ ਸਾਡੇ ਸਮਾਜ ਦਾ ਅਖੌਤੀ ਬੁੱਧੀਜੀਵੀ ਵਰਗ ਮੂੰਹ ‘ਤੇ ਚੁੱਪ ਦਾ ਤਾਲਾ ਲਾਈ ਖੜ੍ਹਾ ਹੈ ਤੇ ਬੜੀ ਸ਼ਿੱਦਤ ਨਾਲ ਭਗਤ ਸਿੰਘ ਦੇ ਵਾਪਸ ਮੁੜ ਆਉਣ ਦੀ ਉਡੀਕ ਕਰ ਰਿਹਾ ਹੈ।
ਸਾਡੇ ਮੁਲਕ ਅੰਦਰ ਅੱਜ ਧਰਮ ਦੇ ਨਾਂ ‘ਤੇ ਪਖੰਡੀਆਂ ਅਤੇ ਵਿਭਚਾਰੀਆਂ ਵੱਲੋਂ ਭੋਲੇ -ਭਾਲੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਦਾ ਕੁਕਰਮ ਬੜੇ ਹੀ ਯੋਜਨਾਬੱਧ ਢੰਗ ਨਾਲ ਚਲਾਇਆ ਜਾ ਰਿਹਾ ਬੁੱਢੇ ਮਾਪੇ ਬਿਰਧ ਘਰਾਂ (ਬਿਰਧ ਆਸ਼ਰਮਾਂ) ‘ਚ ਠੋਕਰਾਂ ਖਾ ਰਹੇ ਹਨ ਤੇ ਬੱਚੇ ਆਪਣੇ ਮਹੱਲ ਵਰਗੇ ਘਰਾਂ ‘ਚ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰ ਰਹੇ ਹਨ। ਇਸਤਰੀ, ਸਤਿਕਾਰ ਦੀ ਥਾਂ ਤਿਰਸਕਾਰ ਅਤੇ ਦੁਤਕਾਰ ਦੀ ਪਾਤਰ ਬਣੀ ਬੈਠੀ ਹੈ ਤੇ ਭਰੂਣ ਹੱਤਿਆ ਦੀ ਸ਼ਿਕਾਰ ਹੋ ਕੇ ਜਨਮ ਤੋਂ ਪਹਿਲਾਂ ਹੀ ਟੋਟੇ -ਟੋਟੇ ਹੋ ਰਹੀ ਹੈ ਪਰ ਸਭ ਕੁਝ ਰੋਕ ਸਕਣ ਜਾਂ ਬਦਲ ਦੇਣ ਦੇ ਸਮਰੱਥ ਹੁੰਦਿਆਂ ਹੋਇਆ ਵੀ ਸਾਡੇ ਨੌਜਵਾਨ ਅਜੇ ਵੀ ਉਡੀਕ ਕਰ ਰਹੇ ਹਨ ਕਿ ਭਗਤ ਸਿੰਘ ਫਿਰ ਵਾਪਸ ਆਵੇ ਅਤੇ ਮੁਲਕ ‘ਚ ਪਸਰੀ ਬਦਨੀਤੀ, ਬਦਅਮਨੀ ਅਤੇ ਬਦਕਾਰੀ ਵਿਰੁੱਧ ਘੋਲ ਕਰੇ।
ਅੱਜ ਲੋੜ ਸ਼ਹੀਦੇ ਆਜ਼ਮ ਸ: ਭਗਤ ਸਿੰਘ ਨੂੰ ਮੁੜ ਵਾਪਸ ਬੁਲਾਉਣ ਦੀ ਨਹੀਂ ਸਗੋਂ ਉਸਦੀ ਸੋਚ ਤੇ ਜੋਸ਼ ਨੂੰ ਧਾਰਨ ਕਰਨ ਅਤੇ ਉਸ ਵਰਗੇ ਅਨੇਕਾਂ ਹੋਰ ਭਗਤ ਸਿੰਘ ਪੈਦਾ ਕਰਨ ਦੀ ਹੈ ਜੋ ਵਤਨ ਦੀ ਆਨ, ਬਾਨ ,ਸ਼ਾਨ ਕਾਇਮ ਰੱਖਣ ਲਈ ਲੋੜੀਂਦੀ ਹਰ ਕੁਰਬਾਨੀ ਕਰਨ ਲਈ ਸਦਾ ਹੀ ਤਿਆਰ –ਬਰ –ਤਿਆਰ ਹੋਣ। ਸ: ਭਗਤ ਸਿੰਘ ਸਾਡੇ ਲਈ ਪੂਰਨੇ ਪਾ ਗਿਆ ਸੀ ਤੇ ਹੁਣ ਸਾਡੀ ਵਾਰੀ ਹੈ ਕਿ ਅਸੀਂ ਦੇਸ਼ – ਕੌਮ ਤੋਂ ਆਪਾ ਵਾਰਨ ਲਈ ਦ੍ਰਿੜ ਸੰਕਲਪ ਹੋਈਏ।
ਸੰਪਰਕ: 97816-46008