ਜਲਵਾਯੂ ਤਬਦੀਲੀ ਦਾ ਅਸਰ? ਉੱਤਰੀ ਚੀਨ ’ਚ 1 ਦਿਨ ‘ਚ ਸਾਲ ਭਰ ਜਿੰਨਾ ਪਿਆ ਮੀਂਹ!

Global Team
3 Min Read

ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ ’ਚ ਸ਼ੁੱਕਰਵਾਰ ਨੂੰ ਹੋਈ ਮੂਸਲਾਧਾਰ ਬਾਰਸ਼ ਤੋਂ ਬਾਅਦ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਮੌਸਮ ਵਿਭਾਗ ਨੇ ਸ਼ਹਿਰ ਦੇ 16 ’ਚੋਂ 10 ਜ਼ਿਲ੍ਹਿਆਂ ਲਈ ਲੈਂਡਸਲਾਈਡ ਅਤੇ ਮਲਬੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਨਾਲ ਹੀ, ਪਹਾੜੀ ਇਲਾਕਿਆਂ ’ਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਪਿਛਲੇ ਸਾਲਾਂ ਦੇ ਅਨੁਭਵ ’ਤੇ ਆਧਾਰਿਤ ਚੇਤਾਵਨੀ

ਇਹ ਚਿਤਾਵਨੀ ਸਿਰਫ਼ ਅੰਦਾਜ਼ੇ ਨਹੀਂ, ਸਗੋਂ ਪਿਛਲੇ ਸਾਲਾਂ ਦੇ ਅਨੁਭਵ ਅਤੇ ਮੌਜੂਦਾ ਹਾਲਾਤ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਉੱਤਰੀ ਚੀਨ ’ਚ ਪਿਛਲੇ ਕੁਝ ਸਾਲਾਂ ’ਚ ਬਾਰਸ਼ ਦੇ ਨਵੇਂ ਰਿਕਾਰਡ ਬਣੇ ਹਨ, ਅਤੇ ਇਸ ਵਾਰ ਵੀ ਸਥਿਤੀ ਗੰਭੀਰ ਜਾਪਦੀ ਹੈ।

ਇੱਕ ਦਿਨ ’ਚ ਸਾਲ ਭਰ ਦੀ ਬਾਰਸ਼

ਬੀਜਿੰਗ ਨਾਲ ਲੱਗਦੇ ਉਦਯੋਗਿਕ ਸ਼ਹਿਰ ਬਾਓਡਿੰਗ ’ਚ ਹਾਲਾਤ ਹੋਰ ਵੀ ਚਿੰਤਾਜਨਕ ਹਨ। ਇੱਥੇ ਸਿਰਫ਼ 24 ਘੰਟਿਆਂ ’ਚ 448.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਲਗਭਗ ਸਾਰੇ ਸਾਲ ਦੀ ਬਾਰਸ਼ ਦੇ ਬਰਾਬਰ ਹੈ। ਪੱਛਮੀ ਬਾਓਡਿੰਗ ਦੇ ਯੀ ਇਲਾਕੇ ’ਚ ਤੇਜ਼ ਬਾਰਸ਼ ਕਾਰਨ ਅਚਾਨਕ ਹੜ੍ਹ ਆਇਆ, ਜਿਸ ਨਾਲ ਬਿਜਲੀ ਗੁੱਲ ਹੋ ਗਈ ਅਤੇ ਕਈ ਸੜਕਾਂ ਤੇ ਪੁਲ ਖਰਾਬ ਹੋ ਗਏ। ਕੁਝ ਪਿੰਡਾਂ ’ਚ ਹਾਲਾਤ ਇੰਨੇ ਵਿਗੜ ਗਏ ਕਿ ਪ੍ਰਸ਼ਾਸਨ ਨੂੰ 19,500 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ’ਤੇ ਭੇਜਣਾ ਪਿਆ।

2023 ਦੇ ਤੂਫਾਨ ਵਰਗੀ ਸਥਿਤੀ

ਮੌਸਮ ਵਿਭਾਗ ਮੁਤਾਬਕ, ਇਹ ਬਾਰਸ਼ 2023 ’ਚ ਬੀਜਿੰਗ ’ਚ ਆਏ ਸ਼ਕਤੀਸ਼ਾਲੀ ਤੂਫਾਨ ਵਰਗੀ ਹੈ, ਜਦੋਂ 140 ਸਾਲ ਦਾ ਰਿਕਾਰਡ ਟੁੱਟਿਆ ਸੀ। ਮੌਜੂਦਾ ਹਾਲਾਤ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰੀ ਸਰਕਾਰ ਨੇ 23,000 ਰਾਹਤ ਕਿੱਟਾਂ, ਜਿਨ੍ਹਾਂ ’ਚ ਕੰਬਲ ਅਤੇ ਐਮਰਜੈਂਸੀ ਸਮਾਨ ਸ਼ਾਮਲ ਹੈ, ਉੱਤਰੀ ਚੀਨ ਦੇ ਪ੍ਰਭਾਵਿਤ ਇਲਾਕਿਆਂ ’ਚ ਭੇਜੀਆਂ ਹਨ।

ਪੂਰਾ ਦੇਸ਼ ਮੌਸਮੀ ਤੂਫਾਨ ਦੀ ਲਪੇਟ ’ਚ

ਚੀਨ ’ਚ ਲਗਾਤਾਰ ਵਧ ਰਹੀ ਬਾਰਸ਼ ਸਿਰਫ਼ ਬੀਜਿੰਗ ਜਾਂ ਬਾਓਡਿੰਗ ਦੀ ਕਹਾਣੀ ਨਹੀਂ, ਸਗੋਂ ਸਾਰਾ ਦੇਸ਼ ਇੱਕ ਵੱਡੇ ਮੌਸਮੀ ਤੂਫਾਨ ਦੀ ਚਪੇਟ ’ਚ ਹੈ। ਬਾਰਸ਼ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਚੀਨ ਦੀ ਪੁਰਾਣੀ ਸੁਰੱਖਿਆ ਪ੍ਰਣਾਲੀ ਹੁਣ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਨੂੰ ਡਰ ਹੈ ਕਿ ਜੇ ਹਾਲਾਤ ਹੋਰ ਵਿਗੜੇ, ਤਾਂ ਲੱਖਾਂ ਲੋਕ ਬੇਘਰ ਹੋ ਸਕਦੇ ਹਨ ਅਤੇ 280 ਲੱਖ ਕਰੋੜ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਜਲਵਾਯੂ ਤਬਦੀਲੀ ਦਾ ਅਸਰ?

ਵਿਗਿਆਨੀਆਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਚੀਨ ਦੇ ਉੱਤਰੀ ਅਤੇ ਆਮ ਤੌਰ ’ਤੇ ਸੁੱਕੇ ਇਲਾਕਿਆਂ ’ਚ ਵੀ ਹੁਣ ਭਾਰੀ ਬਾਰਸ਼ ਦੀਆਂ ਘਟਨਾਵਾਂ ਵਧ ਰਹੀਆਂ ਹਨ। 2023 ’ਚ ਹੇਬੇਈ ਸੂਬੇ ’ਚ ਆਮ ਨਾਲੋਂ 26% ਜ਼ਿਆਦਾ ਬਾਰਸ਼ ਹੋਈ ਸੀ। ਇਹ ਰੁਝਾਨ ਹੁਣ ਵੀ ਜਾਰੀ ਹੈ, ਜਿਸ ਕਾਰਨ ਵੱਡੀ ਆਬਾਦੀ ਹੜ੍ਹ ਅਤੇ ਭੂ-ਸਖਲਣ ਵਰਗੀਆਂ ਕੁਦਰਤੀ ਆਫਤਾਂ ਦੀ ਲਪੇਟ ’ਚ ਆ ਸਕਦੀ ਹੈ।

Share This Article
Leave a Comment